ਅੱਗ ਲੱਗਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ
Tuesday, Apr 26, 2022 - 04:07 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਜ਼ਿਲ੍ਹਾ ਸੰਗਰੂਰ ਦੇ ਮੂਨਕ ਸਬ ਡਵੀਜ਼ਨ ਅਧੀਨ ਆਉਂਦੇ ਕਈ ਪਿੰਡਾਂ ’ਚ ਬੀਤੀ ਰਾਤ ਲੱਗੀ ਅੱਗ ਨਾਲ ਕਿਸਾਨਾਂ ਤੇ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੂਨਕ ਦੇ ਪ੍ਰਧਾਨ ਸੁਖਦੇਵ ਕੜੈਲ, ਜਨਰਲ ਸੈਕਟਰੀ ਰਿੰਕੂ ਮੂਨਕ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਬੱਲਰਾ ਨੇ ਦੱਸਿਆ ਕਿ ਬੀਤੀ ਰਾਤ ਅੱਗ ਲੱਗਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ’ਚ ਹਜ਼ਾਰਾਂ ਟਨ ਤੂੜੀ ਮਚ ਗਈ ਹੈ ਤੇ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਕਈ ਪਿੰਡਾਂ ’ਚ ਪਸ਼ੂ ਸੜ ਕੇ ਮਰ ਗਏ ਤੇ ਕੁੱਝ ਗੰਭੀਰ ਜ਼ਖ਼ਮੀ ਹੋ ਗਏ।
ਇਸ ਤੋਂ ਇਲਾਵਾ ਅੱਗ ਘਰਾਂ ’ਚ ਵੜਣ ਕਾਰਨ ਘਰੇਲੂ ਸਮਾਨ ਮੱਚ ਗਿਆ। ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਜੱਥੇਬੰਦੀ ਤੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਕਿਉਂਕਿ ਕਣਕ ਦੇ ਸੀਜ਼ਨ ਨੂੰ ਦੇਖਦੇ ਹੋਏ ਐੱਸ. ਡੀ. ਐੱਮ. ਮੂਨਕ ਨੂੰ ਚਾਹੀਦਾ ਸੀ ਕਿ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇ। ਹਰ ਸਾਲ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਅਸਲ ’ਚ ਬਣਦਾ ਤਾਂ ਇਹ ਹੈ ਮੂਨਕ ਸਬ ਡਵੀਜ਼ਨ ਹੋਣ ਕਰ ਕੇ ਬਹੁਤ ਪਿੰਡ ਪੈਂਦੇ ਹਨ, ਇਸ ਲਈ ਇਹੋ ਜਿਹੇ ਐਮਰਜੈਂਸੀ ਸਾਧਨ ਹਰ ਸਮੇਂ ਮੌਜੂਦ ਹੋਣੇ ਚਾਹੀਦੇ ਹਨ ਪਰ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਰਿਹਾ ਅੱਗ ਸ਼ਾਮ ਨੂੰ 7 ਵਜੇ ਲੱਗਦੀ ਹੈ, ਅੱਗ ਬੁਝਾਉਣ ਵਾਲੀਆਂ ਮਸ਼ੀਨਾਂ ਰਾਤ ਨੂੰ 11 ਵਜੇ ਪਹੁੰਚਦੀਆਂ ਹਨ, ਇਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜੱਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਜਿੰਨਾ ਵੀ ਨੁਕਸਾਨ ਹੋਇਆ, ਪੜਤਾਲ ਕਰ ਕੇ ਜਲਦੀ ਤੋਂ ਜਲਦੀ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਲੋਕ ਆਪਣੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ। ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ’ਤੇ ਢਿੱਲ-ਮੱਠ ਵਰਤੀ ਤਾਂ ਜੱਥੇਬੰਦੀ ਵੱਲੋਂ ਮਜਬੂਰਨ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।