ਪੈਟਰੋਲ ਚੋਰੀ ਕਰਦੇ ਸਮੇਂ ਮੋਟਰਸਾਈਕਲ ਨੂੰ ਲੱਗੀ ਅੱਗ

Friday, Jul 26, 2024 - 11:00 AM (IST)

ਪੈਟਰੋਲ ਚੋਰੀ ਕਰਦੇ ਸਮੇਂ ਮੋਟਰਸਾਈਕਲ ਨੂੰ ਲੱਗੀ ਅੱਗ

ਬਠਿੰਡਾ (ਸੁਖਵਿੰਦਰ) : ਬੀਤੀ ਦੇਰ ਰਾਤ ਕੋਈ ਅਣਪਛਾਤਾ ਵਿਅਕਤੀ ਸਿਵਲ ਹਸਪਤਾਲ 'ਚ ਇਕ ਮਰੀਜ਼ ਦੇ ਰਿਸ਼ਤੇਦਾਰ ਦੇ ਮੋਟਰਸਾਈਕਲ ’ਚੋਂ ਪੈਟਰੋਲ ਚੋਰੀ ਕਰ ਰਿਹਾ ਸੀ ਕਿ ਅਚਾਨਕ ਲਾਈਟਰ ਜਗਾਉਣ ਕਾਰਨ ਮੋਟਰਸਾਈਕਲ ਨੂੰ ਅੱਗ ਲੱਗ ਗਈ।
ਘਟਨਾ ਦੌਰਾਨ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ ਵਿਚ ਕੁੱਝ ਮੁਲਾਜ਼ਮਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤਕ ਮੋਟਰਸਾਈਕਲ ਕਾਫੀ ਹੱਦ ਤਕ ਸੜ ਚੁੱਕਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਦੇ ਦੀਦਾਰ ਸਿੰਘ ਦੀ ਭੈਣ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਸੀ ਅਤੇ ਦੀਦਾਰ ਸਿੰਘ ਉਸ ਕੋਲ ਆਇਆ ਹੋਇਆ ਸੀ।

ਦੀਦਾਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਤੋਂ ਪੈਟਰੋਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਨ੍ਹੇਰਾ ਹੋਣ ਕਾਰਨ ਉਸ ਨੇ ਲਾਈਟਰ ਜਗਾ ਦਿੱਤਾ ਅਤੇ ਅਚਾਨਕ ਪੈਟਰੋਲ ਨੂੰ ਅੱਗ ਲੱਗ ਗਈ ਅਤੇ ਮੁਲਜ਼ਮ ਫ਼ਰਾਰ ਹੋ ਗਏ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਮਦਦ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲ ਵਿਚ ਚੌਂਕੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News