ਡਾਇਰੈਕਟਰ ''ਤੇ ਵਰ੍ਹਿਆ ਕਹਿਰ, ਸਵੇਰੇ ਮਾਂ ਦੀ ਮੌਤ, ਦੁਪਹਿਰੇ ਫੈਕਟਰੀ ਨੂੰ ਲੱਗੀ ਭਿਆਨਕ ਅੱਗ

01/03/2020 12:50:16 PM

ਲੁਧਿਆਣਾ (ਰਾਜ) : ਫੋਕਲ ਪੁਆਇੰਟ ਫੇਜ਼-7 ਵਿਚ ਸਥਿਤ ਸਾਈਕਲ ਬਣਾਉਣ ਵਾਲੀ ਇਕ ਫੈਕਟਰੀ 'ਚ ਅੱਗ ਲੱਗ ਗਈ। ਜਦੋਂ ਫੈਕਟਰੀ ਵਿਚ ਅੱਗ ਲੱਗੀ ਤਾਂ ਅੰਦਰ ਕੋਈ ਨਹੀਂ ਸੀ। ਫੈਕਟਰੀ ਡਾਇਰੈਕਟਰ ਦੀ ਮਾਂ ਦੀ ਮੌਤ ਹੋਣ ਕਾਰਨ ਫੈਕਟਰੀ ਬੰਦ ਸੀ। ਜਦੋਂ ਅੱਗ ਦੀਆਂ ਲਪਟਾਂ ਬਾਹਰ ਤੱਕ ਆਉਣ ਲੱਗੀਆਂ ਤਾਂ ਚੌਕੀਦਾਰ ਨੇ ਮਾਲਕ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਵੀ ਅੱਗ ਬੁਝਾਉਣ ਵਿਚ ਪਰੇਸ਼ਾਨੀ ਹੋਈ। ਅੰਦਰ ਕਈ ਧਮਾਕੇ ਵੀ ਹੋਏ। ਫਾਇਰ ਬ੍ਰਿਗੇਡ ਦੀਆਂ 50 ਤੋਂ ਜ਼ਿਆਦਾ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਪਰ ਦੇਰ ਸ਼ਾਮ ਅੱਗ ਫਿਰ ਲਗ ਗਈ। ਦੇਰ ਸ਼ਾਮ ਫਾਇਰ ਬ੍ਰਿਗੇਡ ਵਿਭਾਗ ਦੇ ਨਾਲ ਮਿਲਟਰੀ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਸ਼ੁਰੂ ਕਰ ਦਿੱਤਾ। ਅੱਗ ਲੱਗਣ ਨਾਲ ਅੰਦਰ ਪਿਆ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ ਪਰ ਅਜੇ ਪੂਰੀ ਤਰ੍ਹਾਂ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।
ਉਧਰ, ਘਟਨਾ ਦਾ ਪਤਾ ਲੱਗਦੇ ਹੀ ਥਾਣਾ ਫੋਕਲ ਪੁਆਇੰਟ ਦੇ ਤਹਿਤ ਚੌਕੀ ਇੰਡਸਟਰੀਅਲ ਏਰੀਆ ਦੇ ਇੰਚਾਰਜ ਕੁਲਵੰਤ ਚੰਦ ਆਪਣੀ ਪੁਲਸ ਟੀਮ ਦੇ ਨਾਲ ਪੱਜ ਗਏ ਸਨ।
ਜਾਣਕਾਰੀ ਮੁਤਾਬਕ ਫੇਸ-7 ਵਿਚ ਐੱਸ. ਕੇ. ਬਾਈਕਸ ਪ੍ਰਾਈਵੇਟ ਲਿਮਟਿਡ ਦੇ ਨਾਂ ਨਾਲ ਸਾਈਕਲ ਬਣਾਉਣ ਵਾਲੀ ਫੈਕਟਰੀ ਹੈ, ਜਿਸ ਦੇ ਚੇਅਰਮੈਨ ਸੁਭਾਸ਼ ਲਾਕੜਾ, ਡਾਇਰੈਕਟਰ ਰਾਜੇਸ਼ ਕਪੂਰ ਅਤੇ ਸਚਿਨ ਲਾਕੜਾ ਹਨ। ਫੈਕਟਰੀ ਅੰਦਰ ਪੇਂਟ ਯੂਨਿਟ, ਪੈਕਿੰਗ, ਗੋਦਾਮ ਅਤੇ ਚੌਥਾ ਆਫਿਸ ਯੂਨਿਟ ਹਨ।
ਸਵੇਰੇ ਮਾਂ ਦਾ ਹੋਇਆ ਦਿਹਾਂਤ
ਲਾਕੜਾ ਨੇ ਦੱਸਿਆ ਕਿ ਉਨ੍ਹਾਂ ਦੇ ਡਾਇਰੈਕਟਰ ਰਾਜੇਸ਼ ਕਪੂਰ ਦੇ ਮਾਤਾ ਜੀ ਦਾ ਵੀਰਵਾਰ ਸਵੇਰ ਨੂੰ ਦਿਹਾਂਤ ਹੋ ਗਿਆ ਸੀ। ਇਸ ਲਈ ਸਵੇਰ ਹੀ ਫੈਕਟਰੀ ਵਿਚ ਛੁੱਟੀ ਕਰ ਦਿੱਤੀ ਗਈ ਸੀ। ਉਹ ਸਾਰੇ ਰਾਜੇਸ਼ ਕਪੂਰ ਦੇ ਘਰ ਸਨ ਤਾਂ ਉਨ੍ਹਾਂ ਨੂੰ ਦੁਪਹਿਰ ਨੂੰ ਚੌਕੀਦਾਰ ਨੇ ਦੱਸਿਆ ਕਿ ਫੈਕਟਰੀ ਵਿਚ ਅੱਗ ਲਗ ਗਈ। ਸਚਿਨ ਲਾਕੜਾ ਨੇ ਦੱਸਿਆ ਕਿ ਉਹ ਫੈਕਟਰੀ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਦੇ ਪੁੱਜਣ ਤੱਕ ਅੱਗ ਭਿਆਨਕ ਰੂਪ ਧਾਰ ਚੁੱਕੀ ਸੀ।
ਪੈਕਿੰਗ ਯੂਨਿਟ ਤੋਂ ਅੱਗ ਸ਼ੁਰੂ ਹੋਈ, ਬਾਕੀ ਯੂਨਿਟ ਵੀ ਆਏ ਲਏ ਲਪੇਟ 'ਚ
ਜਾਣਕਾਰੀ ਮੁਤਾਬਕ ਅੱਗ ਪੈÎਕਿੰਗ ਯੂਨਿਟ ਵਿਚ ਲੱਗੀ ਜੋ ਕਿ ਇਕਦਮ ਵਧ ਗਈ। ਅੱਗ ਨੇ ਇਕ ਇਕ ਕਰ ਕੇ ਬਾਕੀ ਯੂਨਿਟਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੇ ਭਾਂਬੜ ਦੂਰ ਦੂਰ ਤੱਕ ਨਜ਼ਰ ਆਉਣ ਲੱਗੇ। ਗੋਦਾਮ ਅੰਦਰੋਂ ਸਿਲੰਡਰ ਅਤੇ ਡੀਜ਼ਲ ਦੇ ਡਰੰਮ ਸਮਾਂ ਰਹਿੰਦੇ ਬਾਹਰ ਕੱਢ ਲਏ ਗਏ, ਜਿਨ੍ਹਾਂ ਕਾਰਨ ਹਾਦਸਾ ਵਧ ਸਕਦਾ ਸੀ।
ਅੱਗ ਬੁਝਾਉਣ ਵਿਚ ਫਾਇਰ ਮੁਲਾਜ਼ਮਾਂ ਨੂੰ ਹੋਈ ਪਰੇਸ਼ਾਨੀ
ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਭਾਂਬੜ ਬਾਹਰ ਤੱਕ ਨਜ਼ਰ ਆਉਣ ਲੱਗੇ ਸਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿਚ ਕਾਫੀ ਪ੍ਰੇਸ਼ਾਨੀ ਹੋਈ। ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ ਅੰਦਰ ਜਾਣ ਵਿਚ ਮੁਲਾਜ਼ਮਾਂ ਨੂੰ ਪਰੇਸ਼ਾਨੀ ਹੋਣ ਲੱਗੀ। ਇਸ ਲਈ ਅੰਦਰ ਜਾਣ ਲਈ ਫੈਕਟਰੀ ਦੀਆਂ ਕਈ ਹਿੱਸਿਆਂ ਤੋਂ ਕੰਧਾਂ ਤੋੜਨੀਆਂ ਪਈਆਂ ਤਾਂ ਜਾ ਕੇ ਅੱਗ ਬੁਝਾਉਣ ਦਾ ਯਤਨ ਸਫਲ ਹੋਇਆ।
ਸਿਲੰਡਰ ਅਤੇ ਡੀਜ਼ਲ ਦੇ ਡਰੰਮ ਕਢਵਾਏ ਗਏ
ਫੈਕਟਰੀ ਅੰਦਰ ਕਈ ਬਲਾਸਟ ਵੀ ਹੋਏ ਕਿਉਂਕਿ ਅੰਦਰ ਵੈਲਡਿੰਗ ਸਿਲੰਡਰ ਅਤੇ ਡੀਜ਼ਲ ਦੇ ਡਰੰਮ ਪਏ ਸਨ। ਕਈ ਸਿਲੰਡਰਾਂ ਵਿਚ ਧਮਾਕਾ ਹੋਇਆ ਪਰ ਕਈ ਸਿਲੰਡਰ ਅਤੇ ਡੀਜ਼ਲ ਦੇ ਡਰੰਮ ਬਾਹਰ ਕੱਢ ਲਏ ਗਏ। ਜੇਕਰ ਸਿਲੰਡਰ ਅਤੇ ਡਰੰਮ ਬਾਹਰ ਨਾ ਕੱਢੇ ਜਾਂਦੇ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ।
ਏਅਰਪੋਰਟ ਅਤੇ ਮਿਲਟਰੀ ਦੀਆਂ ਬੁਲਾਉਣੀਆਂ ਪਈਆਂ ਗੱਡੀਆਂ
ਦੁਪਹਿਰ ਨੂੰ ਲੱਗੀ ਅੱਗ 'ਤੇ ਸ਼ਾਮ ਤੱਕ ਕਾਬੂ ਪਾ ਲਿਆ ਗਿਆ ਸੀ ਪਰ ਅੱਗ ਸੁਲਗਦੀ ਹੋਈ ਫਿਰ ਫੈਲ ਗਈ ਅਤੇ ਦੇਰ ਸ਼ਾਮ ਅੱਗ ਫਿਰ ਫੈਕਟਰੀ ਵਿਚ ਲਗ ਪਈ। ਫਾਇਰ ਬ੍ਰਿਗੇਡ ਤੋਂ ਅੱਗ ਕਾਬੂ ਵਿਚ ਨਹੀਂ ਆ ਰਹੀ ਸੀ। ਇਸ ਲਈ ਪਹਿਲਾਂ ਏਅਰਪੋਰਟ ਤੋਂ ਅੱਗ ਬੁਝਾਊ ਗੱਡੀਆਂ ਮੰਗਵਾਈਆਂ ਗਈਆਂ । ਫਿਰ ਵੀ ਅੱਗ ਨਾ ਬੁਝੀ ਤਾਂ ਰਾਤ ਨੂੰ ਮਿਲਟਰੀ ਤੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਬੁਲਾਈਆਂ ਗਈਆਂ ਸਨ।


Babita

Content Editor

Related News