ਚੰਡੀਗੜ੍ਹ : ਚੱਲਦੀ ਕਾਰ ਨੂੰ ਲੱਗੀ ਅੱਗ, ਮਸਾਂ ਬਚਿਆ ਬਜ਼ੁਰਗ ਜੋੜਾ
Monday, Apr 22, 2019 - 03:16 PM (IST)
![ਚੰਡੀਗੜ੍ਹ : ਚੱਲਦੀ ਕਾਰ ਨੂੰ ਲੱਗੀ ਅੱਗ, ਮਸਾਂ ਬਚਿਆ ਬਜ਼ੁਰਗ ਜੋੜਾ](https://static.jagbani.com/multimedia/2019_4image_14_42_174245698burncar.jpg)
ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ 7-8 ਦੇ ਚੌਂਕ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਚੱਲਦੀ ਮਾਰੂਤੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਕਾਰ 'ਚ ਬਜ਼ੁਰਗ ਜੋੜਾ ਬੈਠਾ ਹੋਇਆ ਸੀ, ਜੋ ਕਿ ਇਸ ਘਟਨਾ ਦੌਰਾਨ ਵਾਲ-ਵਾਲ ਬਚ ਗਿਆ। ਜਾਣਕਾਰੀ ਮੁਤਾਬਕ ਹਰਮਿਲਾਪ ਨਗਰ 'ਚ ਰਹਿਣ ਵਾਲੇ 70 ਸਾਲਾ ਬਜ਼ੁਰਗ ਰਾਮ ਪ੍ਰਸਾਦ ਆਪਣੀ ਪਤਨੀ ਨਾਲ ਸੈਕਟਰ-19 ਸਥਿਤ ਮੰਦਰ 'ਚ ਮੱਥਾ ਟੇਕਣ ਆਏ ਸਨ। ਮੰਦਰ 'ਚ ਦਰਸ਼ਨ ਕਰਨ ਤੋਂ ਬਾਅਦ ਦੋਵੇਂ ਆਪਣੀ ਹਰਿਆਣਾ ਨੰਬਰ ਦੀ ਮਾਰੂਤੀ ਕਾਰ 'ਚ ਸਵਾਰ ਹੋ ਕੇ ਸੈਕਟਰ 7-8 ਦੇ ਚੌਂਕ ਤੋਂ ਯੂ-ਟਰਨ ਲੈਂਦੇ ਹੋਏ ਵਾਪਸ ਹਰਮਿਲਾਪ ਨਗਰ ਵੱਲ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਨੇ ਚੌਂਕ ਤੋਂ ਗੱਡੀ ਮੋੜੀ ਤਾਂ ਉਸੇ ਦੌਰਾਨ ਅਚਾਨਕ ਗੱਡੀ 'ਚੋਂ ਧੂੰਆਂ ਨਿਕਲਣ ਲੱਗ ਪਿਆ। ਬਜ਼ੁਰਗ ਕਾਰ ਚਾਲਕ ਨੇ ਗੱਡੀ ਰੋਕ ਕੇ ਦੇਖਿਆ ਤਾਂ ਗੱਡੀ 'ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ, ਜਿਸ ਤੋਂ ਬਾਅਦ ਬਜ਼ੁਰਗ ਜੋੜੇ ਨੇ ਆਪਣੀ ਜਾਨ ਬਚਾਈ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ।