ਲੁਧਿਆਣਾ ਦੇ ਨਿਊ ਮਾਧੋਪੁਰੀ 'ਚ ਹੌਜਰੀ ਯੂਨਿਟ 'ਚ ਲੱਗੀ ਭਿਆਨਕ ਅੱਗ
Sunday, Oct 29, 2017 - 09:02 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ,ਤਰੁਣ)— ਐਤਵਾਰ ਦੇਰ ਸ਼ਾਮ ਨਿਊ ਮਾਧੋਪੁਰੀ 'ਚ ਹੌਜਰੀ ਦਾ ਮਾਲ ਬਣਾਉਣ ਵਾਲੀਆਂ 2 ਫਰਮਾਂ 'ਚ ਭਿਆਨਕ ਅੱਗ ਲੱਗ ਗਈ। ਇਮਾਰਤ ਦੇ 2 ਫਲੋਰਾਂ 'ਚ ਪਿਆ ਲੱਖਾਂ ਦਾ ਮਾਲ ਬੁਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ। ਇਲਾਕੇ 'ਚ ਬਿਜਲੀ ਸਵੇਰ ਤੋਂ ਹੀ ਪ੍ਰਭਾਵਿਤ ਸੀ। ਸ਼ਾਮ ਤਕਰੀਬਨ 5-30 ਵਜੇ ਜਦੋਂ ਲਾਈਟ ਆਈ। ਇਸ ਤੋਂ ਬਾਅਦ ਇਮਾਰਤ 'ਚ ਅੱਗ ਲੱਗ ਗਈ।
ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਚੌਕੀ ਸੁੰਦਰ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ। ਐਚ. ਐਸ. ਜੈਨ ਹੌਜਰੀ ਦੇ ਮਾਲਕ ਪ੍ਰਦੀਪ ਜੈਨ ਨੇ ਦੱਸਿਆ ਕਿ ਨਿਊ ਮਾਧੋਪੁਰੀ ਇਲਾਕੇ 'ਚ ਉਸ ਨੇ ਕਿਰਾਏ 'ਤੇ ਫੈਕਟਰੀ ਲਈ ਹੋਈ ਹੈ। ਇਮਾਰਤ ਦਾ ਪਹਿਲਾ ਅਤੇ ਦੂਜਾ ਫਲੋਰ ਉਸ ਕੋਲ ਹੈ ਜਿਸ 'ਚ ਹੌਜਰੀ ਦਾ ਮਾਲ ਤਿਆਰ ਕੀਤਾ ਜਾਂਦਾ ਹੈ ਜਦੋਂ ਕਿ ਇਮਾਰਤ ਦਾ ਗ੍ਰਾਉਂਡ ਫਲੋਰ ਸ਼੍ਰੀ ਨਾਥ ਅਪ੍ਰੈਲ ਨਾਮਕ ਫਰਮ ਕੋਲ ਹੈ। ਇਸ ਦਾ ਮਾਲਕ ਰਾਜੀਵ ਗੁਲਾਟੀ ਹੈ। ਸ਼ਾਮ ਨੂੰ ਉਸ ਨੂੰ ਮੋਬਾਈਲ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਅੱਗ ਨੇ ਇਮਾਰਤ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ। ਖਬਰ ਲਿਖੇ ਜਾਣ ਤੱਕ ਪਹਿਲੇ ਅਤੇ ਦੂਜੇ ਫਲੋਰ 'ਤੇ ਪਿਆ ਲੱਖਾਂ ਦਾ ਮਾਲ ਬੁਰੀ ਤਰ੍ਹਾਂ ਸੜ ਕੇ ਰਾਖ ਹੋ ਚੁੱਕਾ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੇਰ ਰਾਤ ਤੱਕ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।
