ਪਟਾਕਿਆਂ ਦੀ ਆਵਾਜ਼ ਕਾਰਣ ਔਰਤ ਦੀ ਮੌਤ, 3 ਖਿਲਾਫ ਮਾਮਲਾ ਦਰਜ
Monday, Oct 28, 2019 - 11:16 PM (IST)
ਭੋਗਪੁਰ, (ਸੂਰੀ)- ਦਿਵਾਲੀ ਦੀ ਰਾਤ ਭੋਗਪੁਰ ਸ਼ਹਿਰ ਦੇ ਮੁਹੱਲਾ ਘੁਮਿਆਰਾਂ ’ਚ ਪਟਾਕਿਆਂ ਦੀ ਆਵਾਜ਼ ਕਾਰਣ ਇਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਹੈ। ਇਸ ਸਬੰਧੀ ਮ੍ਰਿਤਕ ਔਰਤ ਦੇ ਪੁੱਤਰ ਗੁਰਜੀਤ ਸਿੰਘ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਵਾਰਡ ਨੰਬਰ-2 ਘੁਮਿਆਰਾ ਮੁਹੱਲਾ ਵਿਖੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਬੀਤੀ ਦੀਵਾਲੀ ਦੀ ਰਾਤ ਗੁਆਂਢ ’ਚ ਰਹਿਣ ਵਾਲੇ ਪਰਮਜੀਤ ਸਿੰਘ ਉਰਫ ਪੰਮਾ ਜੋ ਕਿ ਦੀਵਾਲੀ ਦੀ ਰਾਤ 8 ਵਜੇ ਦੇ ਕਰੀਬ ਘਰ ਦੇ ਸਾਹਮਣੇ ਗਲੀ ’ਚ ਪਟਾਕੇ ਚਲਾ ਰਿਹਾ ਸੀ। ਪਟਾਕਿਆਂ ਦੀ ਆਵਾਜ਼ ਬੁਹਤ ਜ਼ਿਆਦਾ ਹੋਣ ਕਾਰਣ ਗੁਰਜੀਤ ਦੀ ਮਾਤਾ ਹਰਭਜਨ ਕੌਰ ਨੇ ਪਰਮਜੀਤ ਸਿੰਘ ਉਰਫ ਪੰਮਾ ਨੂੰ ਪਟਾਕੇ ਚਲਾਉਣ ਤੋਂ ਰੋਕਿਆ ਤਾਂ ਪਰਮਜੀਤ ਸਿੰਘ ਨੇ ਪਰਿਵਾਰਕ ਮੈਬਰਾਂ ਨੇ ਹਰਭਜਨ ਕੌਰ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗਡ਼ੇ ਦੌਰਾਨ ਪਰਮਜੀਤ ਸਿੰਘ ਦੀ ਮਾਤਾ ਅਨੀਤਾ, ਦਾਦਾ ਬਲਕਾਰ ਚੰਦ ਅਤੇ ਉਸ ਦੇ ਤਾਏ ਦੇ ਲਡ਼ਕਾ ਸੁੱਖਾ ਹਰਭਜਨ ਕੌਰ ਦੇ ਘਰ ’ਚ ਵਡ਼ ਕੇ ਘਰ ਦੇ ਵਿਹਡ਼ੇ ਅਤੇ ਬਰਾਂਡੇ ’ਚ ਪਟਾਕੇ ਚਲਾਉਣ ਲਈ ਛਹਿ ਦੇਣ ਲੱਗੇ ਅਤੇ ਲਲਕਾਰੇ ਮਾਰਨ ਲੱਗ ਪਏ। ਪਰਮਜੀਤ ਦੇ ਪਰਿਵਾਰ ਵਲੋਂ ਹੱਲਾਸ਼ੇਰੀ ਦੇਣ ਕਾਰਣ ਪਰਮਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਇਕ ਵੱਡਾ ਅਤੇ ਜ਼ਿਆਦਾ ਆਵਾਜ਼ ਵਾਲਾ ਪਟਾਕਾ ਹਰਭਜਨ ਕੌਰ ਦੇ ਘਰ ਦੇ ਬਰਾਂਡੇ ’ਚ ਚਲਾਇਆ। ਜਦੋਂ ਪਟਾਕਾ ਚੱਲਿਆ ਤਾਂ ਪਟਾਕੇ ਆਵਾਜ਼ ਬਹੁਤ ਤੇਜ਼ ਹੋਣ ਕਾਰਣ ਹਰਭਜਨ ਕੌਰ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ। ਬੇਹੋਸ਼ ਪਈ ਹਰਭਜਨ ਕੌਰ ਨੂੰ ਉਸ ਦੇ ਪੁੱਤਰ ਗੁਰਜੀਤ ਸਿੰਘ ਨੇ ਆਪਣੇ ਦੋਸਤ ਸੰਦੀਪ ਕੁਮਾਰ ਦੀ ਮਦਦ ਨਾਲ ਭੋਗਪੁਰ ਸ਼ਹਿਰ ਦੇ ਇਕ ਪ੍ਰਾਇਵੇਟ ਹਸਪਤਾਲ ’ਚ ਪੁਹੰਚਾਇਆ। ਇਸ ਹਸਪਤਾਲ ’ਚ ਡਾਕਟਰ ਵਲੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਜਲੰਧਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਹਰਭਜਨ ਕੌਰ ਦੇ ਪਰਿਵਾਰਕ ਮੈਂਬਰ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਲੈ ਗਏ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਹਰਭਜਨ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵਲੋਂ ਮ੍ਰਿਤਕਾ ਦੇ ਪੁੱਤਰ ਗੁਰਜੀਤ ਸਿੰਘ ਦੇ ਬਿਆਨਾਂ ’ਤੇ ਪਰਮਜੀਤ, ਸੁੱਖਾ ਅਤੇ ਬਲਕਾਰ ਚੰਦ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।