ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਜ਼ੀਰੋ ਲਾਈਨ ’ਤੇ ਜੰਗਲਾਂ ’ਚ ਅੱਗ ਲੱਗੀ
Friday, May 28, 2021 - 05:17 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬਾਰੇ ਕੇ ਚੈਕ ਪੋਸਟ ਦੇ ਖੇਤਰ ’ਚ ਜ਼ੀਰੋ ਲਾਈਨ ਦੇ ਕੋਲ ਬੀਤੀ ਰਾਤ ਅਚਾਨਕ ਜੰਗਲਾਂ ’ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਥਾਣਾ ਬਾਰੇ ਕੇ ਪੁਲਸ ਚੌਕੀ ਵੱਲੋਂ ਫਾਇਰ ਬ੍ਰਿਗੇਡ ਫਿਰੋਜ਼ਪੁਰ ਸ਼ਹਿਰ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਦੋ ਗੱਡੀਆਂ ਲੈ ਕੇ ਉੱਥੇ ਪਹੁੰਚ ਗਏ ਅਤੇ ਵੱਧਦੀ ਅੱਗ ਨੂੰ ਦੇਖਦੇ ਹੋਏ ਫਰੀਦਕੋਟ ਤੋਂ ਫਾਇਰ ਬ੍ਰਿਗੇਡ ਬੁਲਾਈ ਗਈ। ਬੀ. ਐੱਸ. ਐੱਫ. ਜਵਾਨਾਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸਖ਼ਤ ਮਿਹਨਤ ਦੇ ਬਾਅਦ ਅੱਗ ’ਤੇ ਕਾਬੂ ਪਾ ਲਿਆ।
ਸ਼ਹਿਰ ਨਗਰ ਕੌਂਸਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਅਤੇ ਹਵਾ ਚੱਲਣ ਦੇ ਕਾਰਨ ਜੰਗਲਾਂ ’ਚ ਅੱਗ ਹੋਰ ਜ਼ੋਰ ਫੜਦੀ ਗਈ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਸਖ਼ਤ ਮਿਹਨਤ ਦੇ ਚਲਦੇ ਬੀ. ਐੱਸ. ਐੱਫ. ਦੀਆਂ ਚੌਕੀਆਂ ਅਤੇ ਨਾਲ ਲਗਦੇ ਕਿਸਾਨਾਂ ਦੇ ਖੇਤਾਂ ਵਿਚ ਫਸਲਾਂ ਨੂੰ ਬਚਾਇਆ ਗਿਆ, ਫਿਰ ਵੀ ਨੇੜੇ ਦੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਕੁਝ ਨੁਕਸਾਨ ਪਹੁੰਚਿਆ ਹੈ।