ਅੱਗ ਨਾਲ ਸੜ ਰਹੇ ਭਵਾਨੀਗੜ੍ਹ ਇਲਾਕੇ ਕੋਲ ਨਹੀਂ ਆਪਣੀ ਫਾਇਰ ਬਿ੍ਰਗੇਡ

04/24/2018 12:24:57 PM

ਭਵਾਨੀਗੜ੍ਹ (ਵਿਕਾਸ)ਸ਼ਹਿਰ ਵਿਚ ਫਾਇਰ ਸਟੇਸ਼ਨ ਸਥਾਪਤ ਨਾ ਹੋਣ ਕਾਰਨ ਪਿਛਲੇ ਸਮੇਂ ਦੌਰਾਨ ਇਥੇ ਵਾਪਰੀਆਂ ਅੱਗ ਦੀਆਂ ਕਈ ਘਟਨਾਵਾਂ ਵਿਚ ਲੋਕਾਂ ਨੂੰ ਭਾਰੀ ਨੁਕਸਾਨ ਝੱਲਣੇ ਪਏ ਹਨ । ਦੇਖਣ ’ਚ ਆਇਆ ਹੈ ਕਿ ਜੇਕਰ ਭਵਾਨੀਗੜ੍ਹ ਜਾਂ ਆਲੇ-ਦੁਆਲੇ ਦੇ ਇਲਾਕੇ ਵਿਚ ਕੋਈ ਵੱਡਾ ਅਗਨੀ ਕਾਂਡ ਵਾਪਰ ਜਾਂਦਾ ਹੈ ਤਾਂ ਲੋਕਾਂ ਨੂੰ ਮਜਬੂਰਨ ਸੰਗਰੂਰ, ਸਮਾਣਾ, ਨਾਭਾ ਆਦਿ ਦੂਰ-ਦੁਰਾਡੇ ਸ਼ਹਿਰਾਂ ’ਚੋਂ ਆਉਣ ਵਾਲੀਆਂ ਅੱਗ ਬੁਝਾੳੂ ਗੱਡੀਆਂ ’ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਇਸ ਦੌਰਾਨ ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਦੂਰ ਦਾ ਰਾਹ ਤੈਅ ਕਰ ਕੇ ਜਦੋਂ ਤੱਕ ਫਾਇਰ ਬਿ੍ਰਗੇਡ ਅਮਲਾ ਘਟਨਾ ਸਥਾਨ ’ਤੇ ਪੁੱਜਦਾ ਹੈ ਤਾਂ ਉਦੋਂ ਤੱਕ ਕਾਫੀ ਕੁਝ ਸੜ ਕੇ ਸਵਾਹ ਬਣ ਚੁੱਕਾ ਹੁੰਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਫਾਇਰ ਸਟੇਸ਼ਨ ਦੀ ਘਾਟ ਰੜਕ ਰਹੀ ਹੈ ਪਰ ਵਾਪਰੇ ਭਿਆਨਕ ਹਾਦਸਿਆਂ ਦੇ ਬਾਵਜੂਦ ਕਿਸੀ ਸਰਕਾਰ ਨੇ ਇਥੇ ਫਾਇਰ ਸਟੇਸ਼ਨ ਸਥਾਪਤ ਕਰਨ ਲਈ ਗੰਭੀਰਤਾ ਨਹੀਂ ਦਿਖਾਈ ।  ਕਿਸਾਨ ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਣਧੀਰ ਸਿੰਘ, ਰਵਿੰਦਰ ਸਿੰਘ, ਸਿਕੰਦਰ ਸਿੰਘ, ਗੁਰਚਰਨ ਸਿੰਘ ਆਦਿ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਭਵਾਨੀਗੜ੍ਹ੍ਹ ’ਚ ਸਥਾਈ ਫਾਇਰ ਸਟੇਸ਼ਨ ਸਥਾਪਤ ਕਰਨ ਵਿਚ ਅਸਮਰਥ ਹੈ ਤਾਂ ਹਾੜ੍ਹੀ ਦੇ ਸੀਜ਼ਨ ਦੌਰਾਨ ਪ੍ਰਸ਼ਾਸਨ ਨੂੰ ਘੱਟੋ-ਘੱਟ ਅਸਥਾਈ ਤੌਰ ’ਤੇ ਇਕ ਅੱਗ ਬੁਝਾਊ ਗੱਡੀ ਖੜ੍ਹੀ ਕਰਨ ਦਾ ਇਥੇ ਇੰਤਜ਼ਾਮ ਕਰਨਾ ਚਾਹੀਦਾ ਹੈ ।
ਕਿੰਨੇ ਵਾਹਨ ਨੇ ਫਾਇਰ ਸਟੇਸ਼ਨ ਕੋਲ
ਫਾਇਰ ਬਿ੍ਰਗੇਡ ਦਫਤਰ ਸੰਗਰੂਰ ਵਿਚ ਇਸ ਵੇਲੇ 5 ਹਜ਼ਾਰ ਲੀਟਰ ਦੀ ਸਮਰਥਾ ਵਾਲੀਆਂ 2 ਵੱਡੀਆਂ ਅਤੇ 1 ਛੋਟੀ ਗੱਡੀ 300 ਲੀਟਰ ਦੀ ਸਮਰਥਾ ਵਾਲੀ ਮੌਜੂਦ ਹੈ, ਜੋ ਖਨੌਰੀ, ਚੰਨੋਂ, ਸ਼ੇਰਪੁਰ, ਚੀਮਾ ਆਦਿ ਜ਼ਿਲੇ ਦੀਆਂ ਹੱਦਾਂ ਤੱਕ ਹੰਗਾਮੀ ਹਾਲਤ ’ਚ ਅੱਗ ਦੀਆਂ ਘਟਨਾਵਾਂ ਨੂੰ ਕਵਰ ਕਰਦੀਆਂ ਹਨ।
ਕਿੰਨੇ ਹਨ ਮੁਲਾਜ਼ਮ
ਸੰਗਰੂਰ ਫਾਇਰ ਸਟੇਸ਼ਨ ਕੋਲ ਅਮਲੇ ਦੇ ਰੂਪ ਵਿਚ 2 ਸਬ-ਅਫਸਰ, 1 ਸਟੇਸ਼ਨ ਅਫਸਰ, 1 ਲੀਡਿੰਗ ਫਾਇਰਮੈਨ, 4 ਡਰਾਈਵਰ, 13 ਫਾਇਰ ਮੈਨ ਹਨ।
ਫਾਇਰ ਸਟੇਸ਼ਨ ਲਈ ਮਤਾ ਭੇਜਿਆ ਹੋਇਐ : ਪ੍ਰਧਾਨ
ਇਸ ਸਬੰਧੀ ਜਦੋਂ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਨਾਲ ਗੱੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਫਾਇਰ ਸਟੇਸ਼ਨ ਬਣਾਉਣ ਲਈ ਨਗਰ ਕੌਂਸਲ ਨੇ ਕਈ ਸਾਲ ਪਹਿਲਾਂ ਸਰਕਾਰ ਨੂੰ ਮਤਾ ਪਾ ਕੇ ਭੇਜ ਰੱਖਿਆ ਹੈ। ਅੱਗ ਦੀਆਂ ਘਟਨਾਵਾਂ ’ਤੇ ਸਮੇਂ ਸਿਰ ਕਾਬੂ ਪਾਉਣ ਲਈ ਭਵਾਨੀਗੜ੍ਹ ’ਚ ਇਸ ਸਹੂਲਤ ਦਾ ਹੋਣਾ ਅਤਿ ਜ਼ਰੂਰੀ ਹੈ।
ਸਰਕਾਰ ਨੂੰ ਪ੍ਰਪੋਜ਼ਲ ਭੇਜੀ ਜਾਵੇਗੀ : ਐੱਸ. ਡੀ. ਐੱਮ.
ਅਮਰਿੰਦਰ ਸਿੰਘ ਟਿਵਾਣਾ, ਐੱਸ. ਡੀ. ਐੱਮ. ਭਵਾਨੀਗੜ੍ਹ ਨੇ ਕਿਹਾ ਕਿ ਸਬ-ਡਵੀਜ਼ਨ ਭਵਾਨੀਗੜ੍ਹ ਵਿਚ ਫਾਇਰ ਸਟੇਸ਼ਨ ਹੋਣਾ ਚਾਹੀਦਾ ਹੈ, ਜਿਸ ਸਬੰਧੀ ਸਰਕਾਰ ਨੂੰ ਲਿਖਤੀ ਤੌਰ ’ਤੇ ਭੇਜ ਦਿੱਤਾ ਜਾਵੇਗਾ।
ਫਾਇਰ ਸਟੇਸ਼ਨ ਸਥਾਪਤ ਕਰਨਾ ਸਰਕਾਰ ਦੇ ਹੱਥ : ਜ਼ਿਲਾ ਫਾਇਰ ਅਫਸਰ
ਜ਼ਿਲਾ ਫਾਇਰ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਵੀ ਇਲਾਕੇ ਵਿਚ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਫਾਇਰ ਅਮਲਾ ਬਿਨਾਂ ਦੇਰੀ ਕੀਤੇ ਘਟਨਾ ਸਥਾਨ ਲਈ ਅੱਗ ’ਤੇ ਕਾਬੂ ਪਾਉਣ ਲਈ ਰਵਾਨਾ ਹੋ ਜਾਂਦਾ ਹੈ। ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪ੍ਰਪੋਜ਼ਲ 50  ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਜਾਂ ਕਸਬੇ ’ਚ ਫਾਇਰ ਸਟੇਸ਼ਨ ਖੋਲ੍ਹਣ ਦੀ ਹੁੁੰਦੀ ਹੈ।

ਪਿਛਲੇ ਸਮੇਂ ਦੌਰਾਨ ਵਾਪਰੀਆਂ ਵੱਡੀਆਂ ਘਟਨਾਵਾਂ
 ਕਈ ਸਾਲ ਪਹਿਲਾਂ ਸ਼ਹਿਰ ਵਿਚ ਦਸਮੇਸ਼ ਨਗਰ ਸਣੇ ਟਰੱਕ ਯੂਨੀਅਨ ’ਚ ਸਥਿਤ ਦੋ ਕਰਿਆਨਾ ਸਟੋਰ ਭਿਆਨਕ ਅਗਨੀ ਕਾਂਡ ਦੀ ਭੇਟ ਚੜ੍ਹ ਗਏ ਸਨ । ਇਸ ਤੋਂ ਇਲਾਵਾ ਗਊਸ਼ਾਲਾ ਚੌਕ ’ਚ ਇਕ ਇਲੈਕਟ੍ਰੋਨਿਕਸ, ਸੁਨਾਮ ਰੋਡ ’ਤੇ ਢਾਬੇ ’ਤੇ ਖੜ੍ਹਾ ਇਕ ਤੇਲ ਟੈਂਕਰ ਅਤੇ ਨਾਭਾ ਕੈਂਚੀਆਂ ਵਿਚ ਇਕ ਕਬਾੜ ਦੇ ਸਾਮਾਨ ਨੂੰ ਅੱਗ ਲੱਗਣ ਜਿਹੀਆਂ ਘਟਨਾਵਾਂ ’ਚ ਹੋਏ ਵੱਡੇ ਨੁਕਸਾਨਾਂ ਨੇ ਸ਼ਹਿਰ ਵਿਚ ਫਾਇਰ ਸਟੇਸ਼ਨ ਦੀ ਘਾਟ ਨੂੰ ਕਈ ਵਾਰ ਉਜਾਗਰ ਕੀਤਾ ਹੈ । ਪਿਛਲੇ ਦਿਨੀਂ ਪਿੰਡ ਮੱਟਰਾਂ ਦੇ ਖੇਤਾਂ ਵਿਚ ਖੜ੍ਹੀ 35 ਏਕੜ ਕਣਕ ਦੀ ਫਸਲ ਅੱਗ ਨਾਲ ਸੜ ਕੇ ਸਵਾਹ ਹੋ ਗਈ ਸੀ।    


Related News