ਸ਼ਾਰਟ-ਸਰਕਟ ਕਾਰਨ ਘਰ ’ਚ ਲੱਗੀ ਅੱਗ

Tuesday, Aug 21, 2018 - 06:12 AM (IST)

ਸ਼ਾਰਟ-ਸਰਕਟ ਕਾਰਨ ਘਰ ’ਚ ਲੱਗੀ ਅੱਗ

 ਖੰਨਾ, (ਸੁਖਵਿੰਦਰ ਕੌਰ)- ਮੁਹੱਲਾ ਆਜ਼ਾਦ ਨਗਰ ’ਚ ਇਕ ਕਮਰਸ਼ੀਅਲ ਬਿਲਡਿੰਗ ’ਚ ਬਣੇ ਮਕਾਨ ਨੂੰ ਰਾਤ ਤਕਰੀਬਨ 12 ਵਜੇ ਉਸ ਸਮੇਂ ਅੱਗ ਲੱਗ ਗਈ, ਜਦੋਂ ਮਕਾਨ ਮਾਲਕ ਘਰੋਂ ਬਾਹਰ ਗਿਆ ਹੋਇਆ ਸੀ। ਗੁਆਂਢੀਆਂ ਵਲੋਂ ਸਮੇਂ ਸਿਰ ਕੀਤੀ ਹਿੰਮਤ ਕਰਕੇ ਇਹ ਅੱਗ ਵੱਡੇ ਹਾਦਸੇ ਦਾ ਰੂਪ ਧਾਰਨ ਤੋਂ ਬੱਚ ਗਈ।ਮਿਲੀ ਜਾਣਕਾਰੀ ਅਨੁਸਾਰ ਇਕ ਗੱਡੀਆਂ ਦੀ ਵਰਕਸ਼ਾਪ ’ਤੇ ਸਥਿਤ ਰਿਹਾਇਸ਼ੀ ਇਮਾਰਤ ਦਾ ਮਾਲਕ ਕੁਰਕਸ਼ੇਤਰ (ਹਰਿਆਣਾ) ਵਿਖੇ ਗਿਆ ਹੋਇਆ ਸੀ ਤਾਂ ਰਾਤ ਉਸਦੇ ਘਰ ਵਿੱਚ ਅੱਗ ਲੱਗ ਗਈ, ਜਿਸਦਾ ਪਤਾ ਲਗਭਗ 12.30 ਵਜੇ ਉਦੋਂ ਲੱਗਿਆ, ਜਦੋਂ ਗੁਆਂਢੀਆਂ ਨੇ ਧੂੰਆ ਨਿਕਲਦਾ ਦੇਖਿਆ।
 ਹਾਲਾਂਕਿ ਕਿਸੇ ਵੀ ਮੁਹੱਲਾ ਵਾਸੀ ਨੂੰ ਫਾਇਰ ਬ੍ਰਿਗੇਡ ਦਾ ਨੰਬਰ ਨਹੀਂ ਪਤਾ ਸੀ ਤਾਂ ਉਨ੍ਹਾਂ ਨੇ ਆਪ ਹੀ ਹਿੰਮਤ ਕਰ ਕੇ ਪਾਣੀ ਪਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਤੇ ਲਗਭਗ ਇਕ ਘੰਟੇ ਦੇ ਅੰਦਰ-ਅੰਦਰ ਅੱਗ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ। ਅੱਜ ਸਵੇਰੇ ਲਗਭਗ 11 ਵਜੇ ਵਾਰਡ ਦੇ ਕੌਂਸਲਰ ਕ੍ਰਿਸ਼ਨਪਾਲ ਨੇ ਫਾਇਰ ਬ੍ਰਿਗੇਡ ਅਤੇ ਮੁਕਾਮੀ ਪੁਲਸ ਨੂੰ ਇਤਲਾਹ ਦਿੱਤੀ, ਜਿਸ ’ਤੇ ਵਿਭਾਗੀ ਕਰਮਚਾਰੀਆਂ ਨੇ ਮੌਕਾ ਮੁਆਇਨਾ ਕਰਕੇ ਰਿਪੋਰਟ ਦਰਜ ਕਰ ਲਈ ਹੈ। ਹਾਦਸੇ ਦਾ ਕਾਰਨ ਬਿਜਲੀ ਦਾ ਸ਼ਾਰਟ-ਸ਼ਰਕਟ ਦੱਸਿਆ ਜਾ ਰਿਹਾ ਹੈ। ਇਸ ਅੱਗ ਨਾਲ ਡਬਲ ਬੈਡ, ਸੌਫਾ ਸੈਟ, ਅਲਮਾਰੀ, ਡਰੈਸਿੰਗ ਟੇਬਲ, ਕੱਪਡ਼ੇ, ਮਕਾਨ ਦੀ ਰਜਿਸਟਰੀ, ਸੋਨੇ ਦੇ ਗਹਿਣਿਅਾਂ ਤੋਂ ਇਲਾਵਾ ਨਕਦ 27,000 ਰੁਪਏ ਸਡ਼ ਕੇ ਸੁਆਹ ਹੋ ਗਏ। ਸੂਚਨਾ ਮਿਲਣ ’ਤੇ ਮਕਾਨ ਮਾਲਕ ਗੁਰਮੀਤ ਸਿੰਘ ਵੀ ਖੰਨਾ ਪੁੱਜ ਗਿਆ ਸੀ। 
 


Related News