ਅੱਗ ਲੱਗਣ ਨਾਲ 7 ਏਕੜ ਕਣਕ, 22 ਏਕੜ ਨਾੜ ਸੜਿਆ

04/20/2018 3:40:26 AM

ਸੰਗਤ ਮੰਡੀ(ਮਨਜੀਤ)-ਪਿੰਡ ਬਾਜਕ ਵਿਖੇ ਬਾਅਦ ਦੁਪਹਿਰ ਖ਼ੇਤ 'ਚ ਖੜ੍ਹੀ ਕਣਕ ਨੂੰ ਅਚਾਨਕ ਅੱਗ ਲੱਗ ਗਈ, ਜਿਸ 'ਚ ਚਾਰ ਏਕੜ ਕਣਕ ਦੇ ਨਾਲ 10 ਏਕੜ ਤੂੜੀ ਬਣਾਉਣ ਲਈ ਰੱਖਿਆ ਕਣਕ ਦਾ ਨਾੜ ਅਤੇ 25 ਟਰਾਲੀਆਂ ਤੂੜੀ ਦੀਆਂ ਸੜ ਗਈਆਂ। ਅੱਗ ਦਾ ਪਤਾ ਲੱਗਣ 'ਤੇ ਨੇੜਲੇ ਚਾਰ ਪਿੰਡਾਂ ਦੇ ਲੋਕਾਂ ਵੱਲੋਂ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਪਿੰਡ ਬਾਜਕ ਅਤੇ ਚੱਕ ਅਤਰ ਸਿੰਘ ਵਾਲਾ ਦੇ ਕੱਚੇ ਰਾਹ 'ਤੇ ਪਿੰਡ ਬਾਜਕ ਦੇ ਕਿਸਾਨ ਜਗਸੀਰ ਸਿੰਘ ਉਰਫ ਪੱਪੀ ਦੇ ਖ਼ੇਤ 'ਚ ਕਣਕ ਦੀ ਖੜ੍ਹੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦਾ ਪਤਾ ਲੱਗਣ 'ਤੇ ਨੇੜਲੇ ਪਿੰਡਾਂ ਚੱਕ ਅਤਰ ਸਿੰਘ ਵਾਲ, ਨੰਦਗੜ੍ਹ, ਬਾਜਕ ਅਤੇ ਬੰਬੀਹਾ ਦੇ ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਕਿਸਾਨਾਂ ਵੱਲੋਂ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਟਰੈਕਟਰਾਂ ਨਾਲ ਜ਼ਮੀਨ ਨੂੰ ਵਾਹਿਆ ਜਾ ਰਿਹਾ ਸੀ। ਜਦ ਤੱਕ ਕਿਸਾਨਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਤਦ ਤਕ ਕਿਸਾਨ ਜਗਸੀਰ ਸਿੰਘ ਉਰਫ਼ ਪੱਪੀ ਪੁੱਤਰ ਗੁਰਸਾਹਬ ਸਿੰਘ ਦੀ ਢਾਈ ਏਕੜ, ਗੁਰਚਰਨ ਸਿੰਘ, ਗੁਰਜੀਤ ਸਿੰਘ ਤੇ ਬਲਜੀਤ ਸਿੰਘ ਪੁੱਤਰਾਨ ਬੱਗੜ ਸਿੰਘ ਦੀ ਦੋ ਏਕੜ ਦੇ ਲਗਭਗ ਕਣਕ ਦੀ ਫਸਲ ਸੜ ਚੁੱਕੀ ਸੀ। ਇਸ ਤੋਂ ਇਲਾਵਾ ਕਿਸਾਨ ਮੋਹਕਮ ਸਿੰਘ, ਰਣਜੀਤ ਸਿੰਘ, ਰਾਜਾ ਸਿੰਘ ਤੇ ਜਸਕਰਨ ਸਿੰਘ ਦਾ ਤੂੜੀ ਬਣਾਉਣ ਲਈ ਰੱਖਿਆ 10 ਏਕੜ ਦੇ ਕਰੀਬ ਨਾੜ ਅੱਗ ਦੀ ਭੇਟ ਚੜ੍ਹ ਗਿਆ। ਇਸ ਤੋਂ ਇਲਾਵਾ ਕਿਸਾਨ ਕੁਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਖ਼ੇਤ 'ਚ ਤੂੜੀ ਦੀਆਂ ਬਣਾ ਕੇ ਰੱਖੀਆਂ 25 ਟਰਾਲੀਆਂ ਵੀ ਅੱਗ ਨਾਲ ਸੜ ਗਈਆਂ। ਅੱਗ ਬਝਾਉਣ ਲਈ ਫਾਇਰ ਬ੍ਰਿਗੇਡ ਉਸ ਸਮੇਂ ਪਹੁੰਚੀ ਜਦ ਕਿਸਾਨਾਂ ਵੱਲੋਂ ਅੱਗ 'ਤੇ ਲਗਭਗ ਕਾਬੂ ਪਾ ਲਿਆ ਸੀ। ਕਣਕ ਨੂੰ ਅੱਗ ਕਿਸ ਤਰ੍ਹਾਂ ਲੱਗੀ ਹਾਲੇ ਇਹ ਗੱਲ ਵੀ ਰਹੱਸ ਬਣੀ ਹੋਈ ਹੈ। ਅੱਗ ਲੱਗਣ ਕਾਰਨ ਸੜੀ ਕਣਕ ਤੋਂ ਦੁਖੀ ਕਿਸਾਨਾਂ ਨੇ ਦੱਸਿਆ ਕਿ ਕੇਵਲ ਅੱਗ ਨਾਲ ਉਨ੍ਹਾਂ ਦੀ ਕਣਕ ਹੀ ਨਹੀਂ ਸੜੀ ਬਲਕਿ ਉਨ੍ਹਾਂ ਦੇ ਸੁਪਨੇ ਵੀ ਸੁਆਹ ਹੋ ਗਏ। ਕਿਸਾਨਾਂ ਵੱਲੋਂ ਸੂਬਾ ਸਰਕਾਰ ਤੋਂ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ।  ਪਿੰਡ ਮੌੜ ਖੁਰਦ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗਣ ਨਾਲ ਕਿਸਾਨਾਂ ਦਾ ਕਰੀਬ ਅੱਠ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਜਿਸ ਵਿਚ ਕਿਸਾਨ ਸੁਖਪਾਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਮੌੜ ਖੁਰਦ ਦਾ ਕਰੀਬ 5 ਏਕੜ ਅਤੇ ਕਿਸਾਨ ਪਰਵਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਦਾ ਕਰੀਬ 3 ਏਕੜ ਨਾੜ ਅੱਗ ਨਾਲ ਸੜ ਗਿਆ। ਭਾਵੇਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਮੌਕੇ 'ਤੇ ਪਹੁੰਚਣਾ ਮੁਨਾਸਿਬ ਨਹੀਂ ਸਮਝਿਆ। ਪ੍ਰਸ਼ਾਸਨ ਦੇ ਰਵੱਈਏ 'ਤੇ ਭਾਰਤੀ ਕਿਸਾਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਰੋਸ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਤਾਂ ਜੋ ਕਿਸਾਨ ਪਸ਼ੂਆਂ ਲਈ ਤੂੜੀ ਬਗੈਰਾ ਦਾ ਪ੍ਰਬੰਧ ਸੌਖੇ ਢੰਗ ਨਾਲ ਕਰ ਸਕਣ। ਪਿੰਡ ਬੱਛੋਆਣਾ ਦੇ ਖੇਤਾਂ 'ਚ ਅੱਗ ਲੱਗਣ ਨਾਲ ਬਿੱਕਰ ਸਿੰਘ ਪੁੱਤਰ ਮੱਖਣ ਸਿੰਘ ਦੀ ਤਿੰਨ ਏਕੜ, ਅੰਗਰੇਜ਼ ਸਿੰਘ ਪੁੱਤਰ ਕੇਵਲ ਸਿੰਘ ਦੀ ਢਾਈ ਏਕੜ, ਜਗਤਾਰ ਸਿੰਘ ਪੁੱਤਰ ਹਰਪਾਲ ਸਿੰਘ ਦੀ 3 ਏਕੜ ਕਣਕ ਦੀ ਫਸਲ ਅਤੇ ਅਜੈਬ ਸਿੰਘ ਪੁੱਤਰ ਚੰਦ ਸਿੰਘ ਦਾ 3 ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਸਬੰਧਤ ਕਿਸਾਨ ਦੇ ਖੇਤ 'ਚ ਮੌਕਾ ਦੇਖਣ ਪਹੁੰਚੇ ਤਹਿਸੀਲਦਾਰ ਸੁਰਿੰਦਰ ਸਿੰਘ ਸਮੇਤ ਪਟਵਾਰੀ ਭੋਲਾ ਸਿੰਘ ਦਾਤੇਵਾਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।  ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਹਲਕਾ ਕੋਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਧਲੇਵਾਂ, ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਅਤੇ ਪਿੰਡ ਦੀ ਪੰਚਾਇਤ ਨੇ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਰੱਖੀ।  


Related News