ਚਾਰ ਮੰਜ਼ਿਲਾ ਹੌਜ਼ਰੀ ਦੀ ਦੁਕਾਨ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
Friday, Nov 24, 2017 - 05:19 AM (IST)

ਲੁਧਿਆਣਾ(ਤਰੁਣ)-ਸੂਫੀਆ ਚੌਕ ਵਿਚ ਹੋਏ ਅੱਗ ਲੱਗਣ ਦੇ ਹਾਦਸੇ ਤੋਂ ਬਾਅਦ ਤੋਂ ਲੈ ਕੇ ਮਹਾਨਗਰ 'ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੁੱਧਵਾਰ ਦੇਰ ਰਾਤ ਚੌੜਾ ਬਾਜ਼ਾਰ ਕੋਲ ਪੈਂਦੇ ਹਿੰਦੀ ਬਾਜ਼ਾਰ ਇਲਾਕੇ ਵਿਚ ਸਥਿਤ ਇਕ ਚਾਰ ਮੰਜ਼ਿਲਾ ਹੌਜ਼ਰੀ ਦਾ ਮਾਲ ਵੇਚਣ ਵਾਲੀ ਦੁਕਾਨ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਵਿਭਾਗ ਦੀਆਂ ਤਿੰਨ ਗੱਡੀਆਂ ਨੇ ਬੜੀ ਮੁਸ਼ੱਕਤ ਕਰ ਕੇ ਕਰੀਬ ਚਾਰ ਘੰਟਿਆਂ 'ਚ ਅੱਗ 'ਤੇ ਕਾਬੂ ਪਾਇਆ। ਜੁਗਲ ਕਿਸ਼ੋਰ ਐਂਡ ਸੰਨਜ਼ ਦੇ ਮਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹਿੰਦੀ ਬਾਜ਼ਾਰ ਵਿਚ ਉਨ੍ਹਾਂ ਦੀ ਦੁਕਾਨ ਹੈ। ਰੋਜ਼ਾਨਾ ਵਾਂਗ ਬੁੱਧਵਾਰ ਰਾਤ ਨੂੰ ਉਹ ਦੁਕਾਨ ਬੰਦ ਕਰ ਕੇ ਘਰ ਚਲੇ ਗਏ। ਰਾਤ ਕਰੀਬ 11.30 ਵਜੇ ਉਨ੍ਹਾਂ ਨੂੰ ਦੁਕਾਨ ਵਿਚ ਅੱਗ ਲੱਗੀ ਹੋਣ ਬਾਰੇ ਸੂਚਨਾ ਮਿਲੀ। ਅੱਗ ਨੇ ਦੁਕਾਨ ਨੂੰ ਪੂਰੀ ਤਰ੍ਹਾਂ ਲਪੇਟ ਵਿਚ ਲੈ ਲਿਆ। ਸਹੀ ਸਮੇਂ 'ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪੁੱਜੀਆਂ, ਜਿਸ ਕਾਰਨ ਗਰਾਊਂਡ ਫਲੋਰ 'ਤੇ ਪਿਆ ਮਾਲ ਅੱਗ ਦੀ ਲਪੇਟ ਵਿਚ ਆਉਣ ਤੋਂ ਬਚ ਗਿਆ। ਮਾਲਕ ਮੁਤਾਬਕ ਅੱਗ ਲੱਗਣ ਕਾਰਨ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ। ਅੱਜ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।