ਪਰਾਲੀ ਨੂੰ ਅੱਗ ਲਾਉਣ ਤੇ ਮਸ਼ੀਨਰੀ ''ਚ ਵਾਧੇ ਸਦਕਾ ਮਾਨਸਾ ਜ਼ਿਲੇ ''ਚ ਸ਼ਾਮ ਨੂੰ ਹੋ ਜਾਂਦੈ ਆਟੋਮੈਟਿਕ ''ਬਲੈਕ ਆਊਟ''
Sunday, Nov 05, 2017 - 02:13 AM (IST)

ਮਾਨਸਾ(ਜੱਸਲ)-ਝੋਨੇ ਦੀ ਪਰਾਲੀ ਨੂੰ ਅੱਗ ਲਾਉਣ, ਬਰਸਾਤਾਂ ਦੀ ਕਮੀ ਅਤੇ ਲਗਾਤਾਰ ਮਸ਼ੀਨਰੀ 'ਚ ਵਾਧੇ ਸਦਕਾ ਸਮੁੱਚੀ ਕਾਇਨਾਤ 'ਚ ਧੂੰਆਂ ਛਾਇਆ ਹੋਣ 'ਤੇ ਵਾਤਾਵਰਣ ਖਰਾਬ ਹੋਣ ਨਾਲ ਦਿਨੇ ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਅਤੇ ਛਿਪਣ ਤੋਂ 2 ਘੰਟੇ ਬਾਅਦ ਮਾਨਸਾ ਜ਼ਿਲੇ 'ਚ ਹਨੇਰਾ ਛਾ ਜਾਣ 'ਤੇ ਆਟੋਮੈਟਿਕ 'ਬਲੈਕ ਆਊਟ' ਹੋ ਜਾਂਦਾ ਹੈ। ਇਸੇ ਕਾਰਨ ਧੁੰਦ 'ਚ ਦਿਨ ਵੇਲੇ ਲੋਕਾਂ ਦੇ ਪਸੀਨੇ ਛੁੱਟਣ ਤੇ ਕੱਚੀਆਂ ਤ੍ਰੇਲੀਆਂ ਆ ਰਹੀਆਂ ਹਨ। ਹੁਣ ਸਵੇਰ-ਸ਼ਾਮ ਸੈਰ ਕਰਨ ਵਾਲਿਆਂ 'ਚ ਵੀ ਕਮੀ ਆ ਰਹੀ ਹੈ ਅਤੇ ਲੋਕ ਬਚਾਅ ਲਈ ਨੱਕ, ਮੂੰਹ ਅਤੇ ਅੱਖਾਂ ਢਕਣ ਲੱਗੇ ਹਨ। ਇਸ ਦਾ ਵੱਡਾ ਕਾਰਨ ਸਾਉਣ ਮਹੀਨੇ ਅਤੇ ਬਾਅਦ 'ਚ ਬਰਸਾਤਾਂ ਦੀ ਕਮੀ ਹੋ ਸਕਦਾ ਹੈ। ਇਸ ਵੇਲੇ ਆਸਮਾਨ 'ਤੇ ਧੂੰਆਂ ਅਤੇ ਮਿੱਟੀ-ਘੱਟਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ।
ਪ੍ਰਸ਼ਾਸਨਿਕ ਪ੍ਰਬੰਧ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਖਤ ਹੁਕਮਾਂ ਤੇ ਜ਼ਿਲਾ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਚੁੱਕੇ ਕਦਮ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੇ ਹਨ ਕਿਉਂਕਿ ਬਦਲਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਗੁੱਸੇ 'ਚ ਆ ਕੇ ਸੰਘਰਸ਼ ਦੇ ਮੈਦਾਨ 'ਚ ਝੋਨੇ ਦੀ ਪਰਾਲੀ ਸਾੜ ਕੇ ਲਗਾਤਾਰ ਵਿਰੋਧ ਕਰਨ 'ਚ ਜੁਟੀਆਂ ਹੋਈਆਂ ਹਨ। ਉਹ ਪ੍ਰਸ਼ਾਸਨ 'ਤੇ ਦੋਸ਼ ਲਾ ਰਹੀਆਂ ਹਨ ਕਿ ਹੁਕਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ? ਇਸੇ ਕਾਰਨ ਉਨ੍ਹਾਂ ਕੋਲ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਸਿਵਾਏ ਕੋਈ ਚਾਰਾ ਨਹੀਂ।
ਵਾਤਾਵਰਣ ਵਿਗਾੜ ਦੇ ਗੰਭੀਰ ਸਿੱਟੇ
ਆਸਮਾਨ 'ਚ ਛਾਏ ਧੂੰਏਂ ਅਤੇ ਧੂੜ ਕਾਰਨ ਲੋਕਾਂ ਦੀਆਂ ਅੱਖਾਂ 'ਚ ਜਲਣ, ਗਲੇ ਦੀ ਖਰਾਸ਼ ਹੋਣਾ ਆਮ ਗੱਲ ਹੈ ਪਰ ਬਹੁਤ ਸਾਰੇ ਲੋਕ ਖੰਘ, ਹਲਕੇ ਬੁਖਾਰ ਨਾਲ ਤੜਫ ਰਹੇ ਹਨ। ਇਸ ਤੋਂ ਇਲਾਵਾ ਚਮੜੀ, ਦਮੇ ਅਤੇ ਸਾਹ ਦੀਆਂ ਬੀਮਾਰੀਆਂ ਦੇ ਰੋਗੀ ਬਣਨ ਦਾ ਖਦਸ਼ਾ ਹੈ। ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਸਿਹਤ ਜਾਂਚ ਕੈਂਪ ਅਤੇ ਜਾਗਰੂਕਤਾ ਅਭਿਆਨ ਚਲਾਉਣਾ ਸਮੇਂ ਦੀ ਲੋੜ ਹੈ।