ਸ਼ਾਰਟ ਸਰਕਟ ਨਾਲ ਬੀਕਾਨੇਰ ਵਰਾਇਟੀ ਸਟੋਰ ਨੂੰ ਲੱਗੀ ਅੱਗ
Saturday, Oct 21, 2017 - 02:32 AM (IST)
ਸੰਗਤ ਮੰਡੀ(ਮਨਜੀਤ)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪਿੰਡ ਡੂੰਮਵਾਲੀ ਵਿਖੇ ਬੈਰੀਅਰ ਨਜ਼ਦੀਕ ਬਣੇ ਬੀਕਾਨੇਰ ਵਰਾਇਟੀ ਸਟੋਰ ਨੂੰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ 'ਚ 50 ਹਜ਼ਾਰ ਦੀ ਪਈ ਨਕਦੀ ਸਮੇਤ ਲਗਭਗ 4 ਲੱਖ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਅੱਗ 'ਤੇ ਕਾਬੂ ਪਾਉਣ ਲਈ ਡੱਬਵਾਲੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ। ਦੁਕਾਨ ਦੇ ਮਾਲਕ ਕੁੰਭਾ ਰਾਮ ਵਾਸੀ ਨਗੌਰ ਜ਼ਿਲਾ ਬੀਕਾਨੇਰ (ਰਾਜਸਥਾਨ) ਹਾਲ ਆਬਾਦ ਡੱਬਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੀ ਸ਼ਾਮ ਦੁਕਾਨ 'ਚ ਦੀਵਾ ਤੇ ਜੋਤ ਜਗਾ ਕੇ ਦੁਕਾਨ ਬੰਦ ਕਰਨ ਸਮੇਂ ਬਾਹਰ ਕੱਢ ਕੇ ਰਾਤ ਹੀ ਗੱਡੀ ਰਾਹੀਂ ਆਪਣੇ ਪਿੰਡ ਚਲਾ ਗਿਆ। ਉਸ ਨੇ ਕਿਹਾ ਕਿ ਹਾਲੇ ਉਹ ਆਪਣੇ ਪਿੰਡ ਪਹੁੰਚਿਆ ਵੀ ਨਹੀਂ ਸੀ ਕਿ ਦੁਕਾਨ ਦੇ ਮਾਲਕਾਂ ਵੱਲੋਂ ਉਸ ਨੂੰ ਫੋਨ ਕਰ ਕੇ ਦੁਕਾਨ 'ਤੇ ਲੱਗੀ ਅੱਗ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਕਾਰ ਕਿਰਾਏ 'ਤੇ ਕਰਵਾ ਕੇ ਅੱਜ ਦੁਪਹਿਰ ਸਮੇਂ ਹੀ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਅੱਗ ਕਾਰਨ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਵੱਲੋਂ ਹੋਟਲ ਬਣਾਉਣ ਲਈ ਦੁਕਾਨ 'ਚ 50 ਹਜ਼ਾਰ ਰੁਪਏ ਨਕਦ ਰੱਖੇ ਗਏ ਸਨ, ਜੋ ਸਾਮਾਨ ਸਮੇਤ ਹੀ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਦੁਕਾਨ 'ਚ ਬੈਰੀਅਰ 'ਤੇ ਰੁਕਦੇ ਟਰੱਕਾਂ ਤੇ ਉਨ੍ਹਾਂ ਦੇ ਡਰਾਈਵਰਾਂ ਦੀਆਂ ਜ਼ਰੂਰਤਾਂ ਦਾ ਸਾਮਾਨ ਸੀ। ਉਕਤ ਦੁਕਾਨ ਦੇ ਮਾਲਕ ਵੱਲੋਂ ਇਸ ਸਬੰਧੀ ਥਾਣਾ ਸੰਗਤ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
