ਬੀੜ ਘੁਗਿਆਣਾ ''ਚ ਅਚਾਨਕ ਅੱਗ ਲੱਗੀ, 800 ਏਕੜ ਕਣਕ ਦਾ ਹੋਇਆ ਬਚਾਅ

04/03/2018 12:26:30 PM

ਸਾਦਿਕ (ਪਰਮਜੀਤ) : ਇਥੋਂ ਥੋੜ੍ਹੀ ਦੂਰ ਬੀੜ ਘੁਗਿਆਣਾ ਵਿਚ ਅਚਾਨਕ ਅੱਗ ਲੱਗ ਗਈ ਪਰ ਇਥੇ ਚੰਗੀ ਗੱਲ ਇਹ ਰਹੀ ਕਿ ਨੇੜਲੇ ਪਿੰਡ ਸ਼ਿਮਰੇਵਾਲਾ ਦੀ ਸੈਂਕੜੇ ਏਕੜ ਕਣਕ ਦੀ ਪੱਕੀ ਹੋਈ ਫਸਲ ਦਾ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਗ ਦੀਆਂ ਵੱਡੀਆਂ ਲਾਟਾਂ ਨਜ਼ਰ ਆਉਣ 'ਤੇ ਨੇੜਲੇ ਪਿੰਡ ਸ਼ਿਮਰੇਵਾਲਾ ਦੇ ਕਿਸਾਨ ਆਪੋ-ਆਪਣੇ ਟਰੈਕਟਰ ਅਤੇ ਪਿੰਡ ਵਾਸੀਆਂ ਨੂੰ ਲੈ ਕੇ ਬੀੜ ਵੱਲ ਭੱਜੇ ਅਤੇ ਅੱਗ ਨੂੰ ਅੱਗੇ ਖੇਤਾਂ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਪਰ ਜਦੋਂ ਅੱਗ ਬੇ-ਕਾਬੂ ਹੁੰਦੀ ਨਜ਼ਰ ਆਈ ਤਾਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਪੱਪੂ ਨੇ ਥਾਣਾ ਫਰੀਦਕੋਟ, ਥਾਣਾ ਸਾਦਿਕ ਤੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸੂਚਨਾ ਦਿੱਤੀ ਜਿਸ 'ਤੇ ਨਗਰ ਕੌਂਸਲ ਫਰੀਦਕੋਟ ਦੀ ਫਾਇਰ ਬ੍ਰਿਗੇਡ ਅਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ।
ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇਕ ਫਾਇਰ ਬ੍ਰਿਗੇਡ ਦੀ ਗੱਡੀ ਕੋਈ ਪੇਸ਼ ਨਾ ਗਈ। ਫਿਰ ਸ੍ਰੀ ਮੁਕਤਸਰ ਸਾਹਿਬ ਅਤੇ ਕੋਟਕਪੂਰਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ ਅਤੇ 3-4 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਮੌਕੇ 'ਤੇ ਹਾਜ਼ਰ ਕਿਸਾਨ ਮੋਹਕਮ ਸਿੰਘ, ਨਰਿੰਦਰ ਪਾਲ ਸਿੰਘ, ਸਤਨਾਮ ਸਿੰਘ, ਹਰਰਾਜ ਸਿੰਘ, ਜਸਪ੍ਰੀਤ ਸਿੰਘ ਪੰਚ ਸਮੁੱਚੇ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਦੀ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਪਿੰਡ ਸ਼ਿਮਰੇਵਾਲਾ ਦੀ 800 ਏਕੜ ਪੱਕੀ ਹੋਈ ਹਾੜੀ ਦੀ ਫਸਲ ਸੜ ਕੇ ਸਵਾਹ ਹੋ ਜਾਣੀ ਸੀ।


Related News