ਅੱਗ ਨੇ ਰਾਖ ਕੀਤੀ ਗਰੀਬ ਦੀ ਦੁਕਾਨ, ਲਗਭਗ 80 ਹਜ਼ਾਰ ਦਾ ਨੁਕਸਾਨ

Saturday, Nov 20, 2021 - 12:17 PM (IST)

ਅੱਗ ਨੇ ਰਾਖ ਕੀਤੀ ਗਰੀਬ ਦੀ ਦੁਕਾਨ, ਲਗਭਗ 80 ਹਜ਼ਾਰ ਦਾ ਨੁਕਸਾਨ

ਸਮਾਲਸਰ (ਸੁਰਿੰਦਰ ਸੇਖਾ) : ਸਥਾਨਕ ਕਸਬਾ ਸਮਾਲਸਰ ਦੇ ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਗੁਰੂ ਨਾਨਕ ਹਸਪਤਾਲ ਦੇ ਕੋਲ ਇਕ ਰੂੰ ਪੇਂਜੇ ਦੀ ਦੁਕਾਨ ’ਚ ਬੀਤੀ ਰਾਤ ਕਰੀਬ ਅੱਠ ਵਜੇ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦਾ ਕੋਈ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਅੱਗ ਨਾਲ ਹਜ਼ਾਰਾਂ ਰੁਪਿਆ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਦੁਕਾਨ ਮਾਲਕ ਬਿੰਦੂ ਖਾਨ ਨੇ ਦੱਸਿਆ ਕਿ ਉਹ ਥੋੜ੍ਹਾ ਸਮਾਂ ਪਹਿਲਾਂ ਹੀ ਦੁਕਾਨ ਬੰਦ ਕਰਕੇ ਘਰ ਗਿਆ ਸੀ ਤਾਂ ਅਚਾਨਕ ਸੁਨੇਹਾ ਮਿਲਿਆ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ।

ਇਸ ਦੌਰਾਨ ਜਦੋਂ ਉਥੇ ਆ ਕੇ ਸ਼ਟਰ ਚੁੱਕ ਕੇ ਦੇਖਿਆ ਤਾਂ ਅੱਗ ਕਾਫੀ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲਗਭਗ 80 ਹਜ਼ਾਰ ਰੁਪਏ ਤੋਂ ਵੱਧ ਕੀਮਤ ਦਾ ਸਾਮਾਨ ਜਿਸ ਵਿਚ ਰਜਾਈਆਂ ਗਦੈਲੇ, ਰੂੰ ਪੇਂਜਾ ਇੰਜਣ ਆਦਿ ਸੜ ਕੇ ਸੁਆਹ ਹੋ ਗਿਆ ਹੈ। ਸਮਾਜ ਸੇਵੀ ਡਾ. ਰਾਜ ਦੁਲਾਰ ਸਿੰਘ ਅਤੇ ਇਲਾਕੇ ਦੇ ਹੋਰ ਸਮੂਹ ਪਤਵੰਤੇ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਰਾਤ ਸਮੇਂ ਇਸ ਗਰੀਬ ਦੁਕਾਨਦਾਰ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਕੁਝ ਆਰਥਿਕ ਮੱਦਦ ਜ਼ਰੂਰ ਕੀਤੀ ਜਾਵੇ।  


author

Gurminder Singh

Content Editor

Related News