ਸਕੂਲ ''ਚ ਲੱਗੀ ਅੱਗ, ਰਿਕਾਰਡ ਤੇ ਜ਼ਰੂਰੀ ਸਾਮਾਨ ਸੜ ਕੇ ਸੁਆਹ

Tuesday, Jan 02, 2018 - 06:08 AM (IST)

ਸਕੂਲ ''ਚ ਲੱਗੀ ਅੱਗ, ਰਿਕਾਰਡ ਤੇ ਜ਼ਰੂਰੀ ਸਾਮਾਨ ਸੜ ਕੇ ਸੁਆਹ

ਦਸੂਹਾ, (ਝਾਵਰ)- ਦੇਰ ਸ਼ਾਮ ਗੁਰੁ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੱਲੋਵਾਲ ਦੇ ਇਕ ਕਮਰੇ ਵਿਚ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਿਆ ਸਕੂਲ ਦਾ ਰਿਕਾਰਡ ਅਤੇ ਹੋਰ ਜ਼ਰੂਰੀ ਸਾਮਾਨ ਸੜ ਕੇ ਸੁਆਹ ਹੋ ਗਿਆ। 
ਚੇਅਰਮੈਨ ਰਜਿੰਦਰ ਸਿੰਘ ਕੱਲੋਵਾਲ ਨੇ ਦੱਸਿਆ ਕਿ ਸਕੂਲ ਅੰਦਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਕਿ ਅਚਾਨਕ ਲਾਈਟਾਂ ਬੁਝ ਗਈਆਂ ਅਤੇ ਸਕੂਲ ਦੇ ਮੇਨ ਕਮਰੇ ਵਿਚੋਂ ਧੂੰਆਂ ਬਾਹਰ ਆਉਣ ਲੱਗਾ। ਉਨ੍ਹਾਂ ਦੇਖਿਆ ਕਿ ਕਮਰੇ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਕੁਝ ਹੀ ਮਿੰਟਾਂ 'ਚ ਕਮਰੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਵਿਚ ਸੁਸਾਇਟੀ ਤੇ ਵਿਦਿਆਰਥੀਆਂ ਦੇ ਕਾਗਜ਼ਾਤ, ਪਾਸਪੋਰਟ, ਦਸਤਾਵੇਜ਼ ਅਤੇ ਜ਼ਮੀਨ ਦੀਆਂ ਰਜਿਸਟਰੀਆਂ ਆਦਿ ਸ਼ਾਮਲ ਸਨ। 
ਉਨ੍ਹਾਂ ਦੱਸਿਆ ਕਿ ਸਕੂਲ ਦੇ ਨਾਲ ਲੱਗਦੇ ਟਰਾਂਸਫਾਰਮਰ ਤੋਂ ਅਕਸਰ ਬਿਜਲੀ ਵਧਦੀ-ਘਟਦੀ ਰਹਿੰਦੀ ਸੀ। ਉਨ੍ਹਾਂ ਪਾਵਰਕਾਮ ਨੂੰ ਇਸ ਸਬੰਧੀ ਕਈ ਵਾਰ ਲਿਖਤੀ ਸੂਚਿਤ ਕੀਤਾ ਸੀ ਪਰ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਿ ਪਹਿਲਾਂ ਵੀ 2 ਵਾਰ ਬਿਜਲੀ ਵਧਣ-ਘਟਣ ਕਾਰਨ ਉਨ੍ਹਾਂ ਦੇ ਕੰਪਿਊਟਰ ਸੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਵਧਣ-ਘਟਣ ਕਾਰਨ ਹੀ ਬਿਜਲੀ ਦੀ ਸਪਾਰਕਿੰਗ ਹੋਣ 'ਤੇ ਅੱਗ ਲੱਗੀ ਹੈ, ਜਿਸ ਕਾਰਨ ਉਨ੍ਹਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਸ ਮੌਕੇ ਕਮਲਜੀਤ ਕੌਰ, ਮੈਨੇਜਰ ਬੂਟਾ ਰਾਮ, ਸੰਜੇ ਸਿੰਘ ਆਦਿ ਵੀ ਹਾਜ਼ਰ ਸਨ। ਮੌਕੇ 'ਤੇ ਦਸੂਹਾ ਪੁਲਸ ਅਤੇ ਪੀ. ਸੀ. ਆਰ. ਦੇ ਮੁਲਾਜ਼ਮ ਵੀ ਪਹੁੰਚੇ, ਜਿਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ।


Related News