ਪਿੰਡ ਧਮੋਟ ਕਲਾਂ ’ਚ ਅੱਗ ਲੱਗਣ ਕਾਰਨ 20 ਏਕੜ ਕਣਕ ਤੇ ਨਾੜ ਸੜਿਆ
Sunday, Apr 17, 2022 - 04:35 PM (IST)

ਪਾਇਲ (ਵਿਨਾਇਕ) : ਇੱਥੋਂ 5 ਕਿੱਲੋਮੀਟਰ ਦੂਰ ਪਿੰਡ ਧਮੋਟ ਕਲਾਂ ਵਿਖੇ ਅੱਗ ਲੱਗਣ ਕਾਰਨ ਖੇਤਾਂ ’ਚ ਖੜ੍ਹੀ ਲਗਭਗ 20 ਕਿੱਲੇ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਪਿੰਡ ਧਮੋਟ ਕਲਾਂ ਦੇ ਕਿਸਾਨ ਮੱਘਰ ਸਿੰਘ ਪੁੱਤਰ ਅਮਰ ਸਿੰਘ ਦੇ 5 ਵਿੱਘੇ, ਅਮਰ ਸਿੰਘ ਪੁੱਤਰ ਕਰਨੈਲ ਦੇ ਪੰਜ ਕਿੱਲੇ, ਗੁਰਮੇਲ ਸਿੰਘ ਪੁੱਤਰ ਮੇਵਾ ਸਿੰਘ ਦੇ 18 ਵਿੱਘੇ, ਮੇਜਰ ਸਿੰਘ ਪੁੱਤਰ ਮੱਘਰ ਸਿੰਘ ਦੇ 5 ਵਿੱਘੇ, ਰਾਏ ਸਿੰਘ ਦੇ 4 ਵਿੱਘੇ, ਹਰਦੇਵ ਸਿੰਘ ਦੇ 20 ਵਿੱਘੇ, ਇਕਬਾਲ ਸਿੰਘ ਦੇ 20 ਵਿੱਘੇ, ਜਸਪਾਲ ਸਿੰਘ ਦੇ 11 ਵਿੱਘੇ, ਰਘਵੀਰ ਸਿੰਘ ਦੇ 9 ਵਿੱਘੇ, ਸ਼ੇਰ ਸਿੰਘ ਦੇ 2 ਕਿੱਲੇ ਕਰੀਬ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਏ।
ਇਸ ’ਤੇ ਵੱਡੀ ਗਿਣਤੀ ਪਿੰਡ ਦੇ ਕਿਸਾਨਾਂ ਭਾਰੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਆਲੇ-ਦੁਆਲੇ ਦੀ ਖੜ੍ਹੀ ਸੈਂਕੜੇ ਏਕੜ ਪੱਕੀ ਕਣਕ ਦੀ ਫਸਲ ਨੂੰ ਬਚਾਉਣ ’ਚ ਕਿਸਾਨ ਸਫ਼ਲ ਹੋ ਸਕੇ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਗਿਰਦਾਵਰੀਆਂ ਕਰਵਾ ਕੇ ਪੀੜਤਾਂ ਨੂੰ ਬਣਦੀ ਸਹਾਇਤਾ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਧਮੋਟ, ਬਲਦੇਵ ਸਿੰਘ ਘੁਡਾਣੀ, ਅੰਬਾ ਸਿੰਘ ਅਤੇ ਸੋਹਣ ਸਿੰਘ ਵੀ ਹਾਜ਼ਰ ਸਨ।