ਬੱਚਿਆ ਦੀ ਜਾਨ ਜ਼ੋਖ਼ਮ ''ਚ ਪਾ ਕੇ ਧਰਨਾ ਦੇਣ ਵਾਲੇ 40 ਲੋਕਾਂ ਖਿਲਾਫ਼ ਮੁਕੱਦਮਾ ਦਰਜ

07/29/2020 11:49:07 AM

ਪਟਿਆਲਾ (ਬਲਜਿੰਦਰ) : ਕੋਰੋਨਾ ਮਹਾਮਾਰੀ ਤੋਂ ਬਚਣ ਲਈ ਬਣਾਏ ਨਿਯਮਾਂ ਦੀ ਅਣਦੇਖੀ ਕਰਕੇ, ਬਿਨ੍ਹਾਂ ਮਾਸਕ ਪਾਏ ਅਤੇ ਆਪਸੀ ਦੂਰੀ ਦੀ ਉਲੰਘਣਾ ਕਰਕੇ ਛੋਟੇ ਬੱਚਿਆਂ ਦੀ ਜਾਨ ਜ਼ੋਖ਼ਮ 'ਚ ਪਾਉਂਦਿਆਂ ਧਰਨਾ ਪ੍ਰਦਰਸ਼ਨ ਕਰਨ ਵਾਲੇ 40 ਦੇ ਕਰੀਬ ਵਿਅਕਤੀਆਂ ਖਿਲਾਫ਼ ਪਟਿਆਲਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਐਸ. ਐਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦਿੱਤੀ। 
ਮਨਦੀਪ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜਨਤਕ ਥਾਵਾਂ 'ਤੇ  ਮਾਸਕ ਪਾਉਣਾ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਲਾਜ਼ਮੀ ਨਿਯਮ ਹੈ ਪਰ ਬੀਤੇ ਦਿਨ ਪਟਿਆਲਾ ਸ਼ਹਿਰ ਵਿਖੇ ਕੁਝ ਲੋਕਾਂ ਨੇ ਬੱਚਿਆਂ ਦੀ ਜਾਨ ਵੀ ਜ਼ੋਖ਼ਮ 'ਚ ਪਾ ਕੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ, ਜਿਸ ਕਰਕੇ ਇਨ੍ਹਾਂ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ ਆਈ. ਪੀ. ਸੀ. ਦੀਆਂ ਧਾਰਾਵਾਂ 188, 269 ਤੇ 270 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
 ਸਿੱਧੂ ਨੇ ਦੱਸਿਆ ਕਿ ਇਸ ਮੁਕੱਦਮੇ 'ਚ ਜਗਤਾਰ ਸਿੰਘ ਜੱਗੀ, ਜੈਦੀਪ ਗੋਇਲ, ਇਸ਼ੂ ਗਿੱਲ, ਅਮਨਦੀਪ ਸਿੰਘ, ਰਜਿੰਦਰ ਸਿੰਘ ਸਮੇਤ 30-35 ਹੋਰ ਵਿਅਕਤੀ  ਨਾਮਜਦ ਕੀਤੇ ਗਏ ਹਨ। ਇਨ੍ਹਾਂ ਨੇ ਬਿਨ੍ਹਾਂ ਪ੍ਰਵਾਨਗੀ ਧਰਨਾ ਦੇ ਕੇ ਜਿੱਥੇ ਆਪਸੀ ਦੂਰੀ ਨਿਯਮਾਂ ਦੀ ਉਲੰਘਣਾ ਕੀਤੀ, ਉਥੇ ਹੀ ਇਨ੍ਹਾਂ 'ਚੋਂ ਬਹੁਤੇ ਜਣਿਆਂ ਨੇ ਮਾਸਕ ਵੀ ਨਹੀਂ ਸੀ ਪਾਇਆ ਹੋਇਆ।
 ਸਿੱਧੂ ਨੇ ਕਿਹਾ ਕਿ ਇੱਥੋਂ ਤੱਕ ਕਿ ਇਨ੍ਹਾਂ ਨੇ ਤਾਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਛੋਟੇ ਬੱਚਿਆਂ ਦਾ ਵੀ ਖਿਆਲ ਨਹੀਂ ਰੱਖਿਆ ਅਤੇ ਧਰਨੇ 'ਚ ਛੋਟੇ-ਛੋਟੇ ਬੱਚਿਆਂ ਦੀ ਵੀ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਦੀ ਜਾਨ ਨੂੰ ਜ਼ੋਖ਼ਮ 'ਚ ਪਾ ਦਿੱਤਾ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਦੀ ਵੀ ਉਲੰਘਣਾ ਕੀਤੀ।
 ਐਸ. ਐਸ. ਪੀ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਹਦਾਇਤਾਂ ਦੀ ਪਾਲਣਾਂ ਕਰਨ ਅਤੇ ਨਿਯਮਾਂ ਦੀ ਅਣਦੇਖੀ ਕਰਨ ਤੋਂ ਗੁਰੇਜ਼ ਕਰਨ, ਨਹੀਂ ਤਾਂ ਪੁਲਸ ਨੂੰ ਮਜ਼ਬੂਰਨ ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਪਵੇਗੀ।


Babita

Content Editor

Related News