ਪੰਚਾਇਤੀ ਜ਼ਮੀਨ ਦੇ ਪਾਣੀ ਨੂੰ ਲੈ ਕੇ ਹੋਈ ਲੜਾਈ, 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ

Thursday, Aug 13, 2026 - 11:50 AM (IST)

ਪੰਚਾਇਤੀ ਜ਼ਮੀਨ ਦੇ ਪਾਣੀ ਨੂੰ ਲੈ ਕੇ ਹੋਈ ਲੜਾਈ, 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਥਾਣਾ ਤਲਵੰਡੀ ਭਾਈ ਅਧੀਨ ਆਉਂਦੇ ਪਿੰਡ ਲੱਲੇ ਵਿਖੇ ਪੰਚਾਇਤੀ ਜ਼ਮੀਨ 'ਚ ਪਾਣੀ ਲਾਉਣ ਦੇ ਵਿਵਾਦ ਨੂੰ ਲੈ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਲਵੰਡੀ ਭਾਈ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਲੱਲੇ ਥਾਣਾ ਤਲਵੰਡੀ ਭਾਈ ਨੇ ਦੱਸਿਆ ਕਿ ਉਸ ਨੇ ਪੰਚਾਇਤ ਦੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਇਸੇ ਤਰ੍ਹਾਂ ਹਰਜੀਤ ਸਿੰਘ, ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰਾਨ ਤਰਲੋਕ ਸਿੰਘ ਵਾਸੀਅਨ ਪਿੰਡ ਲੱਲ੍ਹੇ ਨੇ ਵੀ ਨਾਲ ਦਾ ਪੰਚਾਇਤੀ ਜ਼ਮੀਨ ਦਾ ਪਲਾਟ ਠੇਕੇ ’ਤੇ ਲਿਆ ਹੋਇਆ ਹੈ, ਜਿਨ੍ਹਾਂ ਦੇ ਵੱਖ-ਵੱਖ ਮੌਕੇ ਪਾਣੀ ਦੇ ਸਰੋਤ ਹਨ।

ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਧੱਕੇ ਨਾਲ ਉਸ ਦੇ ਮੌਕੇ ਦਾ ਪਾਣੀ ਆਪਣੇ ਖੇਤਾਂ ਨੂੰ ਲਾਉਣਾ ਚਾਹੁੰਦੇ ਸੀ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਮਿਤੀ 2 ਅਗਸਤ 2026 ਨੂੰ ਸਵੇਰੇ ਕਰੀਬ 9 ਵਜੇ ਜਦੋਂ ਉਹ ਪਿੰਡ ਲੱਲੇ ਵਿਖੇ ਪੰਚਾਇਤੀ ਜ਼ਮੀਨ ਵਿਚ ਮੌਜੂਦ ਸੀ, ਤਾਂ ਦੋਸ਼ੀਅਨ ਨੇ ਉਸ ਨੂੰ ਘੇਰ ਲਿਆ ਅਤੇ ਧੱਕੇਸ਼ਾਹੀ ਕਰਦਿਆਂ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਵਿਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਸਪਤਾਲ ਤੋਂ ਡਾਕਟਰੀ ਰਿਪੋਰਟ ਪ੍ਰਾਪਤ ਕਰਨ ਉਪਰੰਤ ਉਕਤ ਦੋਸ਼ੀਅਨ ਹਰਜੀਤ ਸਿੰਘ, ਪਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News