ਘਰ ਅੰਦਰ ਵੜ ਕੇ ਪਰਿਵਾਰ ਨਾਲ ਕੀਤੀ ਕੁੱਟਮਾਰ, 16 ਖ਼ਿਲਾਫ਼ ਪਰਚਾ ਦਰਜ

Monday, May 26, 2025 - 04:43 PM (IST)

ਘਰ ਅੰਦਰ ਵੜ ਕੇ ਪਰਿਵਾਰ ਨਾਲ ਕੀਤੀ ਕੁੱਟਮਾਰ, 16 ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਪਿੰਡ ਗੈਂਧਰ 'ਚ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਦੇ ਸਬੰਧ 'ਚ ਥਾਣਾ ਆਰਫ ਕੇ ਪੁਲਸ ਨੇ 16 ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਖਾਣਾ ਖਾਣ ਤੋਂ ਬਾਅਦ ਉਹ ਪਰਿਵਾਰ ਸਮੇਤ ਸੌਂ ਗਿਆ। ਮੱਧ ਰਾਤ ਘਰ ਦੇ ਬਾਹਰ ਕਿਸੇ ਨੇ ਟਰੈਕਟਰ 'ਤੇ ਬਹੁਤ ਉੱਚੀ ਆਵਾਜ਼ ਵਿਚ ਗਾਣੇ ਲਗਾਏ ਹੋਏ ਸਨ। ਆਵਾਜ਼ ਸੁਣ ਕੇ ਉਹ ਬਾਹਰ ਨਿਕਲਿਆ ਤਾਂ ਯਾਦਵਿੰਦਰ ਸਿੰਘ ਅਤੇ ਉਸਦੇ ਸਾਥੀ ਖੜ੍ਹੇ ਸਨ, ਜੋ ਆਪਣੇ ਟਰੈਕਟਰ ਦੇ ਪਿੱਛੇ ਪਾਏ ਹੋਏ ਕਲਟੀਵੇਟਰ ਨਾਲ ਬਾਹਰ ਖੜ੍ਹੇ ਉਸਦੇ ਟਰੈਕਟਰ ਨੂੰ ਟੱਕਰਾਂ ਮਾਰ ਕੇ ਨੁਕਸਾਨ ਪਹੁੰਚਾ ਰਹੇ ਸਨ।

ਉਸ ਨੇ ਜਦ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਯਾਦਵਿੰਦਰ ਨੇ ਲਲਕਾਰਦੇ ਹੋਏ ਕਿਹਾ ਕਿ ਮੱਕੀ ਦੀ ਫ਼ਸਲ ਖ਼ਰਾਬ ਕਰਨ ਦਾ ਉਲਾਂਭਾ ਸਾਡੇ ਘਰ ਦੇ ਕੇ ਆਉਣ ਦਾ ਮਜ਼ਾ ਇਸ ਨੂੰ ਚਖਾ ਦਿਓ। ਇਸ ਉਪਰੰਤ ਯਾਦਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਕਾਰਜ ਸਿੰਘ ਸਾਰੇ ਵਾਸੀ ਪਿੰਡ ਅੱਕੂ ਵਾਲਾ ਹਿਠਾੜ, ਮਨਪ੍ਰੀਤ ਸਿੰਘ ਵਾਸੀ ਗੈਂਧਰ ਅਤੇ 8 ਅਣਪਛਾਤੇ ਦੋਸ਼ੀ ਉਸ ਨੂੰ ਮਾਰਨ ਦੇ ਲਈ ਭੱਜੇ। ਉਹ ਆਪਣੇ ਘਰ ਅੰਦਰ ਆ ਗਿਆ ਤਾਂ ਦੋਸ਼ੀ ਉਸਦੇ ਪਿੱਛੇ ਘਰ ਅੰਦਰ ਵੜ ਆਏ ਅਤੇ ਉਸ ਦੇ ਨਾਲ, ਉਸਦੇ ਪਿਤਾ ਨਿਸ਼ਾਨ ਸਿੰਘ ਨਾਲ ਅਤੇ ਪਤਨੀ ਨਾਲ ਕੁੱਟਮਾਰ ਕੀਤੀ। ਦੋਸ਼ੀ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਏ. ਐੱਸ. ਆਈ. ਕੁਲਬੀਰ ਸਿੰਘ ਦੇ ਅਨੁਸਾਰ ਬਿਆਨਾਂ ਦੇ ਆਧਾਰ 'ਤੇ ਸਾਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News