ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 8.76 ਲੱਖ ਦੀ ਠੱਗੀ
Wednesday, Feb 05, 2025 - 02:01 PM (IST)
ਚੰਡੀਗੜ੍ਹ (ਸੁਸ਼ੀਲ) : ਲਗਜ਼ਮਬਰਗ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਸੈਕਟਰ-7 ਸਥਿਤ ਵੀਜ਼ਾ ਕੰਪਨੀ ਨੇ ਔਰਤ ਨਾਲ 8.76 ਲੱਖ ਦੀ ਠੱਗੀ ਮਾਰ ਲਈ। ਸੈਕਟਰ-11 ਦੀ ਸੰਗੀਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਸਿੱਖਿਆ ਵਿਭਾਗ ’ਚ ਕੰਮ ਕਰਦੀ ਹੈ। ਪੁੱਤਰ ਨੂੰ ਵਰਕ ਵੀਜ਼ੇ ’ਤੇ ਲਗਜ਼ਮਬਰਗ ਭੇਜਣਾ ਸੀ। ਇਸ਼ਤਿਹਾਰ ਦੇਖ ਕੇ ਉਹ ਪੁੱਤਰ ਨਾਲ ਕੰਪਨੀ ਗਈ, ਜਿੱਥੇ ਸਾਹਿਲ, ਰੀਤ ਸ਼ਰਮਾ, ਮੰਨਤ, ਰੁਪਾਲੀ, ਹਰਮਨ ਤੇ ਜਸ਼ਨ ਨਾਲ ਮੁਲਾਕਾਤ ਹੋਈ।
ਉਨ੍ਹਾਂ ਨੇ ਵੀਜ਼ਾ ਲਗਵਾਉਣ ਲਈ 10 ਲੱਖ ਰੁਪਏ ਮੰਗੇ। ਪ੍ਰੋਸੈਸਿੰਗ ਤੇ ਹੋਰ ਖ਼ਰਚਿਆਂ ਲਈ 8,76,880 ਰੁਪਏ ਲੈ ਲਏ। ਸੰਗੀਤਾ ਅਨੁਸਾਰ ਕੰਪਨੀ ਨੇ 45 ਤੋਂ 90 ਦਿਨਾਂ ’ਚ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਨਹੀਂ ਲਗਵਾਇਆ। ਜਦੋਂ ਮੁਲਜ਼ਮਾਂ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਬੰਦ ਮਿਲਿਆ। ਇਸ ਤੋਂ ਬਾਅਦ ਦਫ਼ਤਰ ਗਏ ਤਾਂ ਉੱਥੇ ਤਾਲਾ ਲੱਗਾ ਸੀ, ਹਾਲਾਂਕਿ ਪਟਿਆਲਾ ਦੇ ਬੈਂਕ ਕਾਲੋਨੀ ਵਿਖੇ ਦਫ਼ਤਰ ਹਾਲੇ ਚਾਲੂ ਹੈ। ਸੈਕਟਰ-26 ਥਾਣੇ ਦੀ ਪੁਲਸ ਨੇ ਕੰਪਨੀ ਮਾਲਕ ਸਾਹਿਲ, ਰੀਤ ਸ਼ਰਮਾ, ਮੰਨਤ, ਰੁਪਾਲੀ, ਹਰਮਨ ਤੇ ਜਸ਼ਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।