ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, 15 ਹਵਾਲਾਤੀਆਂ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Wednesday, Jan 29, 2025 - 12:44 PM (IST)
ਫਿਰੋਜ਼ਪੁਰ (ਕੁਮਾਰ) : ਪਿਛਲੇ ਕਾਫ਼ੀ ਸਮੇਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਪੈਕਟਾਂ 'ਚ ਬੰਦ ਕਰਕੇ ਅਤੇ ਟੇਪ ਨਾਲ ਲਪੇਟ ਕੇ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਅੰਦਰ ਸੁੱਟੇ ਜਾ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਅਜਿਹੇ ਪੈਕੇਟ ਫੜ੍ਹ ਕੇ ਸ਼ਰਾਰਤੀ ਅਨਸਰਾਂ ਦੀਆਂ ਨਾਪਾਕ ਗਤੀਵਿਧੀਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀਆਂ ਕੰਧਾਂ ’ਤੇ ਕੰਡਿਆਲੀ ਤਾਰ ਲਗਾਉਣ ਦੇ ਬਾਵਜੂਦ ਵੀ ਜੇਲ੍ਹ ਦੀਆਂ 2 ਸਾਈਡਾਂ ਖ਼ਾਲੀ ਹੋਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ 'ਚ ਥ੍ਰੋ ਕਰਨ ਦੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇੱਕ ਵਾਰ ਫਿਰ ਫਿਰੋਜ਼ਪੁਰ ਜੇਲ੍ਹ ਦੇ ਸੁਪਰੀਡੈਂਟ ਸਤਨਾਮ ਸਿੰਘ ਅਤੇ ਡਿਪਟੀ ਸੁਪਰੀਡੈਂਟ ਅਰਪਣਜੋਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ 23 ਮੋਬਾਇਲ ਫੋਨ, ਇੱਕ ਡਾਟਾ ਕੇਬਲ ਅਤੇ 4 ਮੋਬਾਇਲ ਫੋਨ ਦੀਆਂ ਬੈਟਰੀਆਂ ਨੂੰ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਅਫ਼ਸਰਾਂ ਨੂੰ ਮਿਲੀ ਵੱਡੀ ਚਿਤਾਵਨੀ! ਜਾਰੀ ਹੋਏ ਸਖ਼ਤ ਹੁਕਮ
ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਲਿਖ਼ਤੀ ਸੂਚਨਾ ਦੇ ਆਧਾਰ ’ਤੇ ਇਸ ਬਰਾਮਦਗੀ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ 15 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਾਘਾਪੁਰਾਣਾ ਅੱਜ ਰਹੇਗਾ ਮੁਕੰਮਲ ਬੰਦ, ਐਮਰਜੈਂਸੀ ਸੇਵਾਵਾਂ ਰਹਿਣੀਆਂ ਚਾਲੂ
ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀ ਸਿਕੰਦਰ ਸਿੰਘ, ਸੁਖਚੈਨ ਸਿੰਘ, ਅਰਸ਼ਦੀਪ ਸਿੰਘ ਉਰਫ਼ ਅਰਸ਼, ਰਾਜਦੀਪ ਸਿੰਘ, ਹਵਾਲਾਤੀ ਰਾਜਵੀਰ ਸਿੰਘ, ਕੁਲਦੀਪ ਸਿੰਘ, ਹਵਾਲਾਤੀ ਦਲਜੀਤ ਸਿੰਘ, ਹਵਾਲਾਤੀ ਵਿਨੇ ਭੰਡਾਰੀ, ਸਨਮ ਉਰਫ਼ 23 ਸੰਮੀ ਨਿਵਾਸੀ ਬਸਤੀ ਆਵਾ, ਹਵਾਲਾਤੀ ਹਰਜਿੰਦਰ ਸਿੰਘ, ਹਵਾਲਾਤੀ ਸੁਖਜਿੰਦਰ ਸਿੰਘ, ਹਵਾਲਾਤੀ ਮਨੋਜ ਕੁਮਾਰ, ਮਨਪ੍ਰੀਤ ਸਿੰਘ ਉਰਫ਼ ਲਵਪ੍ਰੀਤ ਸਿੰਘ, ਮੋਹਿਤ ਅਤੇ ਹਵਾਲਾਤੀ ਧਰਮਿੰਦਰ ਸਿੰਘ ਉਰਫ਼ ਫ਼ੌਜੀ ਤੋਂ ਅਤੇ ਲਵਾਰਸ ਹਾਲਤ ਵਿੱਚ 23 ਮੋਬਾਇਲ ਫ਼ੋਨ, ਇੱਕ ਡਾਟਾ ਕੇਬਲ ਅਤੇ 4 ਫ਼ੋਨ ਬੈਟਰੀਆਂ ਬਰਾਮਦ ਹੋਈਆਂ ਹਨ। ਸਰਵਣ ਸਿੰਘ ਨੇ ਕਿਹਾ ਕਿ ਪੁਲਸ ਜੇਲ੍ਹ ਦੇ ਅੰਦਰ ਥ੍ਰੋ ਕਰਨ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8