ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ : ਬਿਜਲੀ ਵਿਭਾਗ ਦੇ ਅਣਪਛਾਤੇ ਮੁਲਾਜ਼ਮ ’ਤੇ ਮਾਮਲਾ ਦਰਜ

Thursday, Jul 25, 2024 - 02:36 PM (IST)

ਚੰਡੀਗੜ੍ਹ (ਸੁਸ਼ੀਲ) : ਈ. ਡੀ. ਡਿਪਟੀ ਡਾਇਰੈਕਟਰ ਦੇ ਬੇਟੇ ਮਯੰਕ ਨੂੰ ਸੈਕਟਰ-8 ’ਚ ਬਿਜਲੀ ਦੇ ਟਰਾਂਸਫਾਰਮਰ ਤੋਂ ਕਰੰਟ ਲਾਪਰਵਾਹੀ ਕਾਰਨ ਲੱਗਿਆ ਸੀ। ਜੇਕਰ ਬਿਜਲੀ ਦੇ ਟਰਾਂਸਫਾਰਮਰ ਦੀਆਂ ਤਾਰਾਂ ’ਤੇ ਟੇਪ ਸਹੀ ਢੰਗ ਨਾਲ ਲੱਗੀ ਹੁੰਦੀ ਤਾਂ ਮਯੰਕ ਦੀ ਮੌਤ ਹੋਣ ਤੋਂ ਬਚ ਸਕਦੀ ਸੀ। ਸੈਕਟਰ-3 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਸਬ-ਇੰਸਪੈਕਟਰ ਕੁਲਵੰਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਬਿਜਲੀ ਕਰਮੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਬਿਜਲੀ ਦੇ ਟਰਾਂਸਫਾਰਮਰ ਦੀਆਂ ਤਾਰਾਂ ਠੀਕ ਕਰਨ ਦੀ ਜ਼ਿੰਮੇਵਾਰੀ ਕਿਸਦੀ ਸੀ। ਪੁਲਸ ਮਾਮਲੇ ਦੀ ਜਾਂਚ ਲਈ ਬਿਜਲੀ ਵਿਭਾਗ ਤੋਂ ਰਿਕਾਰਡ ਇਕੱਠਾ ਕਰਨ ਵਿਚ ਲੱਗੀ ਹੋਈ ਹੈ।
10 ਦਿਨਾਂ ਦੇ ਅੰਦਰ ਰਿਪੋਰਟ ਪ੍ਰਸ਼ਾਸਕ ਨੂੰ ਦੇਣੀ ਹੈ
ਸੈਕਟਰ-3 ਥਾਣਾ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਸੀ। ਇੰਸਪੈਕਟਰ ਨਰਿੰਦਰ ਪਟਿਆਲ ਨੇ ਮੌਕੇ ’ਤੇ ਪਹੁੰਚ ਕੇ ਫੋਰੈਂਸਿਕ ਮੋਬਾਇਲ ਟੀਮ ਨੂੰ ਜਾਂਚ ਲਈ ਬੁਲਾਇਆ ਸੀ। ਇਸ ਦੌਰਾਨ ਮਯੰਕ ਦੀ ਮੌਤ ਦਾ ਸੀਨ ਦੁਹਰਾਇਆ ਗਿਆ। ਇਸ ਦੌਰਾਨ ਪੁਲਸ ਨੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕੀਤੀ। ਐੱਸ. ਡੀ. ਐੱਮ. ਸੈਂਟਰਲ ਨੇ 10 ਦਿਨਾਂ ਅੰਦਰ ਮਾਮਲੇ ਦੀ ਰਿਪੋਰਟ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਦੇਣੀ ਹੈ। ਇਸ ਕਾਰਨ ਸੈਕਟਰ-3 ਥਾਣਾ ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਬਿਜਲੀ ਦੇ ਟਰਾਂਸਫਾਰਮਰ ’ਤੇ ਲੱਗੇ ਫਿਊਜ਼ ਨਾਲ ਟੱਚ ਹੋਣ ’ਤੇ 18 ਜੁਲਾਈ ਨੂੰ ਮਯੰਕ ਦੀ ਮੌਤ ਹੋ ਗਈ ਸੀ। ਘਟਨਾ ਦੇ ਸਮੇਂ ਮਯੰਕ ਸੜਕ ’ਤੇ ਖੜ੍ਹੀ ਕਾਰ ਤੱਕ ਪਹੁੰਚਣ ਲਈ ਸ਼ਾਰਟਕਟ ਰਸਤੇ ਤੋਂ ਲੋਹੇ ਦੀ ਗਰਿੱਲ ਦੇ ਉੱਪਰ ਤੋਂ ਜਾ ਰਿਹਾ ਸੀ।


Babita

Content Editor

Related News