ਅਮਰੀਕਾ ਦਾ ਵੀਜ਼ਾ ਦਿਵਾਉਣ ਬਹਾਨੇ ਲੱਖਾਂ ਠੱਗੇ, ਮਾਮਲਾ ਦਰਜ

Saturday, Jun 29, 2024 - 12:40 PM (IST)

ਅਮਰੀਕਾ ਦਾ ਵੀਜ਼ਾ ਦਿਵਾਉਣ ਬਹਾਨੇ ਲੱਖਾਂ ਠੱਗੇ, ਮਾਮਲਾ ਦਰਜ

ਖਰੜ (ਜ.ਬ.) : ਅਮਰੀਕਾ ਭੇਜਣ ਦੇ ਨਾਂ ’ਤੇ ਖਰੜ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਪਰਮਿੰਦਰ ਸਿੰਘ ਉਰਫ਼ ਰਵੀ ਸਰਪੰਚ ਲਹਿਰਾ ਸੰਗਰੂਰ ਵਾਸੀ ਵਿਅਕਤੀ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ’ਚ ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਨੇ 2022 ’ਚ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਮਾਰਚ, 2022 ’ਚ ਸੋਸ਼ਲ ਮੀਡੀਆ ’ਤੇ ਰਵੀ ਸਰਪੰਚ ਨਾਂ ਦੀ ਪ੍ਰੋਫਾਈਲ ਆਈ. ਡੀ. ਰਾਹੀਂ ਪਰਮਿੰਦਰ ਸਿੰਘ ਦੇ ਸੰਪਰਕ ’ਚ ਆਈ ਸੀ। ਉਹ ਆਪਣੀ ਧੀ ਨੂੰ ਅਮਰੀਕਾ ਭੇਜਣਾ ਚਾਹੁੰਦਾ ਸੀ।

ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਉਸ ਦੀ ਧੀ ਨੂੰ ਅਮਰੀਕਾ ਦਾ ਵੀਜ਼ਾ, ਟਿਕਟ, ਬੋਰਡਿੰਗ ਪਾਸ ਅਤੇ ਯੂ. ਐੱਸ. ਏ. ਅੰਬੈਸੀ ਤੋਂ ਇੰਟਰਵਿਊ ਕਲੀਅਰ ਕਰਵਾ ਦੇਵੇਗਾ। ਇਸ ਦੇ ਬਦਲੇ ਉਸ ਤੋਂ 7.50 ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਦੀ ਗੱਲ ’ਤੇ ਵਿਸ਼ਵਾਸ ਕਰਦਿਆਂ ਮੁਲਜ਼ਮ ਦੇ ਕਹਿਣ ’ਤੇ ਉਸ ਨੇ ਬੇਟੀ ਨਾਲ ਸਬੰਧਿਤ ਸਾਰੇ ਜ਼ਰੂਰੀ ਦਸਤਾਵੇਜ਼ ਦੇ ਦਿੱਤੇ। ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਅੰਬੈਸੀ ਦੇ ਦਫ਼ਤਰ ਲੈ ਗਿਆ, ਜਿੱਥੇ ਮੁਲਜ਼ਮ ਉਸ ਦੀ ਧੀ ਨੂੰ ਲੈ ਕੇ ਅੰਦਰ ਚਲਾ ਗਿਆ ਪਰ ਧੀ ਨੂੰ ਦਫ਼ਤਰ ’ਚ ਬਿਠਾਉਣ ਤੋਂ ਬਾਅਦ ਉਹ ਇਕ ਕਮਰੇ ਦੇ ਅੰਦਰ ਚਲਾ ਗਿਆ ਅਤੇ ਵਾਪਸ ਆ ਕੇ ਕਿਹਾ ਕਿ ਦੁਬਾਰਾ ਆਉਣਾ ਪਵੇਗਾ।

ਇਸ ਤੋਂ ਬਾਅਦ ਮੁਲਜ਼ਮ ਨੇ ਉਨ੍ਹਾਂ ਤੋਂ 7.50 ਲੱਖ ਰੁਪਏ ਆਪਣੇ ਖ਼ਾਤੇ ’ਚ ਟਰਾਂਸਫਰ ਕਰਵਾ ਲਏ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਮਈ, ਜੂਨ ਅਤੇ ਅਗਸਤ ਮਹੀਨੇ ’ਚ ਉਕਤ ਰਕਮ ਮੁਲਜ਼ਮ ਵੱਲੋਂ ਦਿੱਤੇ ਖਾਤੇ ’ਚ ਟਰਾਂਸਫਰ ਕੀਤੀ ਪਰ ਇਸ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਉਸ ਦੀ ਧੀ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News