ਨਵੀਂ ਕਾਰ ਦੀ ਪਾਰਟੀ ’ਚ ਜ਼ਿਆਦਾ ਸ਼ਰਾਬ ਪਿਲਾਉਣ ਨਾਲ ਇਕ ਦੀ ਮੌਤ, 3 ’ਤੇ ਮਾਮਲਾ ਦਰਜ

Wednesday, Mar 13, 2024 - 05:36 PM (IST)

ਨਵੀਂ ਕਾਰ ਦੀ ਪਾਰਟੀ ’ਚ ਜ਼ਿਆਦਾ ਸ਼ਰਾਬ ਪਿਲਾਉਣ ਨਾਲ ਇਕ ਦੀ ਮੌਤ, 3 ’ਤੇ ਮਾਮਲਾ ਦਰਜ

ਸਾਹਨੇਵਾਲ/ਕੁਹਾੜਾ (ਜਗਰੂਪ) : ਨਵੀਂ ਕਾਰ ਦੀ ਪਾਰਟੀ ਦੇ ਚੱਕਰ ’ਚ ਇਕ ਵਿਅਕਤੀ ਦੀ ਜਾਨ ਜਾਣ ਦੇ ਮੱਦੇਨਜ਼ਰ ਥਾਣਾ ਸਾਹਨੇਵਾਲ ਦੀ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਤਨੀ ਪ੍ਰਿੰਸੀ ਕੁਮਾਰੀ ਗੁਰੂ ਤੇਗ ਬਹਾਦਰ ਨਗਰ, ਗਿਆਸਪੁਰਾ ਦੀ ਰਹਿਣ ਵਾਲੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਰਾਜ ਕੁਮਾਰ (45) 3 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਘਰ 'ਚ ਹੀ ਸੀ। ਸ਼ਾਮ ਨੂੰ ਉਸ ਦਾ ਵਿਨੇ ਕੁਮਾਰ ਪੁੱਤਰ ਵਕੀਲ ਪ੍ਰਸ਼ਾਦ ਵਾਸੀ ਗੁਰੂ ਤੇਗ ਬਹਾਦਰ ਨਗਰ ਸੂਆ ਰੋਡ ਲੁਧਿਆਣਾ ਆਪਣੀ ਨਵੀਂ ਕਾਰ ਦੀ ਪਾਰਟੀ ਦੇਣ ਲਈ ਮੇਰੇ ਪਤੀ ਨੂੰ ਆਪਣੀ ਕਾਰ ’ਚ ਲੈ ਗਿਆ।

ਉਸ ਨਾਲ ਉਸ ਦਾ ਜੀਜਾ ਮੋਨੂੰ ਕੁਮਾਰ ਪੁੱਤਰ ਭਾਗੀਰਥ ਮਹਾਤਵ ਵਾਸੀ ਸਮਾਰਟ ਕਾਲੋਨੀ ਗਿਆਸਪੁਰਾ ਅਤੇ ਇਕ ਹੋਰ ਦੋਸਤ ਮੁਕੇਸ਼ ਕੁਮਾਰ ਪੁੱਤਰ ਗੋਪਾਲ ਰਾਮ ਵਾਸੀ ਗੁਰੂ ਤੇਗ ਬਹਾਦਰ ਨਗਰ ਗਿਆਸਪੁਰਾ ਵੀ ਸੀ। ਉਨ੍ਹਾਂ ਨੇ ਰਲ ਕੇ ਸ਼ਰਾਬ ਪੀਤੀ ਅਤੇ ਮੇਰੇ ਪਤੀ ਨੂੰ ਵੀ ਜ਼ਿਆਦਾ ਸ਼ਰਾਬ ਪਿਲਾਈ, ਜਿਸ ਨਾਲ ਮੇਰਾ ਪਤੀ ਬੇਹੋਸ਼ ਹੋ ਗਿਆ।

ਪ੍ਰਿੰਸੀ ਕੁਮਾਰੀ ਨੇ ਦੱਸਿਆ ਕਿ ਮੇਰਾ ਪਤੀ ਸ਼ਰਾਬ ਨਹੀਂ ਪੀਂਦਾ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਇਹ ਲੋਕ ਕਾਰ ’ਚ ਪਾ ਕੇ ਬੇਹੋਸ਼ੀ ਦੀ ਹਾਲਤ ’ਚ ਇੰਦਰਾ ਪਾਰਕ ਸੂਆ ਰੋਡ ਗਿਆਸਪੁਰਾ ਵਿਖੇ ਛੱਡ ਕੇ ਚਲੇ ਗਏ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਮੇਰੇ ਪਤੀ ਨੂੰ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ, ਜਿਸ ਦੀ ਸੂਚਨਾ ਸਾਹਨੇਵਾਲ ਪੁਲਸ ਨੂੰ ਦਿੱਤੀ ਗਈ, ਪੁਲਸ ਨੇ ਮਾਮਲਾ ਦਰਜ ਕਰ ਕੇ ਮੋਨੂੰ ਕੁਮਾਰ ਅਤੇ ਮੁਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਤੀਜੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News