ਵਿਧਾਇਕ ਬੈਂਸ 'ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਾਉਣ ਵਾਲੀ ਜਨਾਨੀ ਦੇ ਪੁੱਤ ਖ਼ਿਲਾਫ਼ ਮਾਮਲਾ ਦਰਜ, ਜਾਣੋ ਕਾਰਨ
Tuesday, Sep 14, 2021 - 02:16 PM (IST)
ਲੁਧਿਆਣਾ (ਹਿਤੇਸ਼) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕਰਾਉਣ ਵਾਲੀ ਜਨਾਨੀ ਦੇ ਪੁੱਤ ਖ਼ਿਲਾਫ਼ ਹਰਿਆਣਾ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਅਧੀਨ ਪੈਂਦੇ ਥਾਣਾ ਸ਼ਹਿਜ਼ਾਦਪੁਰ 'ਚ 4 ਲੋਕਾਂ 'ਤੇ ਸੋਨੇ ਦੀ ਚੇਨ ਖੋਹਣ ਅਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ, ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਖ਼ਤਮ ਕੀਤੀ ਜ਼ਿੰਦਗੀ
ਇਨ੍ਹਾਂ ਚਾਰ ਲੋਕਾਂ 'ਚ ਉਕਤ ਜਨਾਨੀ ਦਾ ਪੁੱਤਰ ਵੀ ਸ਼ਾਮਲ ਹੈ। ਅਸਲ 'ਚ ਮੰਡੀ ਗੋਬਿੰਦਗੜ੍ਹ ਦੇ ਪਿੰਡ ਛਤਰਪੁਰ ਵਾਸੀ ਜਗਦੀਪ ਸਿੰਘ ਨੇ ਸ਼ਹਿਜ਼ਾਦਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਅਗਸਤ ਮਹੀਨੇ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਿਹਾ ਸੀ। ਇਸ ਦੌਰਾਨ ਰਾਹ 'ਚ 4 ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗਲੇ 'ਚ ਪਾਈ ਹੋਈ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਹਰਿਆਣਾ ਪੁਲਸ ਵੱਲੋਂ ਪ੍ਰਿੰਕਲ, ਪਰਮਜੀਤ ਸਿੰਘ, ਰਣਜੀਤ ਸਿੰਘ ਅਤੇ ਸਤਨਾਮ ਸਿੰਘ ਵਾਲੀ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਕੀਲ ਹਰੀਸ਼ ਰਾਏ ਦਾ ਕਹਿਣਾ ਹੈ ਕਿ ਵਿਧਾਇਕ ਬੈਂਸ ਵੱਲੋਂ ਪੀੜਤ ਜਨਾਨੀ ਦੇ ਪੁੱਤਰ ਖ਼ਿਲਾਫ਼ ਇਹ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ 'ਪ੍ਰੈੱਸ ਕਾਨਫਰੰਸ', ਦਿੱਤੀ ਅਹਿਮ ਜਾਣਕਾਰੀ
ਦੂਜੇ ਪਾਸੇ ਪੀੜਤਾ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਉਸ ਨੂੰ ਡਰਾਉਣ-ਧਮਕਾਉਣ ਲਈ ਕੀਤਾ ਜਾ ਰਿਹਾ ਹੈ ਪਰ ਇਨਸਾਫ਼ ਲਏ ਬਿਨਾਂ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਹਟੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ