ਪਤੀ ਨੇ ਪਤਨੀ ''ਤੇ ਆਪਣੇ ਹੀ ਪੁੱਤਰ ਨੂੰ ਓਵਰਡੋਜ਼ ਦੇਣ ਦਾ ਮਾਮਲਾ ਦਰਜ ਕਰਵਾਇਆ
Wednesday, Oct 06, 2021 - 12:43 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਜੰਡ ਗਲੀ 'ਚ ਰਹਿਣ ਵਾਲੇ ਰਾਜੀਵ ਖੰਨਾ ਪੁੱਤਰ ਸਰਵਣ ਕੁਮਾਰ ਨੇ ਆਪਣੀ ਹੀ ਪਤਨੀ ਲਵਨੀਸ਼ ਖੰਨਾ ਪੁੱਤਰੀ ਰਵਿੰਦਰਪਾਲ ਸ਼ਰਮਾ ਖ਼ਿਲਾਫ਼ ਆਪਣੇ ਬੱਚੇ ਨੂੰ ਦੌਰੇ ਪੈਣ ਦੀ ਦਵਾਈ ਦੀ ਓਵਰਡੋਜ਼ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਇਸ ਮਾਮਲੇ 'ਚ ਰਾਜੀਵ ਖੰਨਾ ਦੀ ਸ਼ਿਕਾਇਤ 'ਤੇ ਲਵਨੀਸ਼ ਖੰਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਰਾਜੀਵ ਖੰਨਾ ਮੁਤਾਬਕ ਉਸ ਦਾ ਆਪਣੀ ਪਤਨੀ ਲਵਨੀਸ਼ ਨਾਲ ਝਗੜਾ ਚੱਲ ਰਿਹਾ ਹੈ।
ਪੰਚਾਇਤੀ ਤੌਰ 'ਤੇ ਉਹ ਦੋਵੇਂ ਵੱਖ ਰਹਿ ਰਹੇ ਹਨ। ਰਾਜੀਵ ਖੰਨਾ ਦਾ ਛੋਟਾ ਬੇਟਾ ਭੋਮਿਕ, ਜਿਸ ਨੂੰ ਦੌਰੇ ਪੈਂਦੇ ਹਨ, ਉਹ ਲਵਨੀਸ਼ ਖੰਨਾ ਕੋਲ ਰਹਿੰਦਾ ਹੈ। ਰਾਜੀਵ ਖੰਨਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਬੇਟੇ ਭੋਮਿਕ ਦੀ ਸਿਹਤ ਜ਼ਿਆਦਾ ਖ਼ਰਾਬ ਹੈ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਸ ਨੂੰ ਦੌਰਿਆਂ ਦੀ ਦਵਾਈ ਜ਼ਿਆਦਾ ਮਾਤਰਾ 'ਚ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਸ ਦੀ ਸਿਹਤ ਹੋਰ ਖ਼ਰਾਬ ਹੋ ਗਈ। ਰਾਜੀਵ ਖੰਨਾ ਮੁਤਾਬਕ ਲਵਨੀਸ਼ ਨੇ ਭੋਮਿਕ ਨੂੰ ਘਰੋਂ ਬਾਹਰ ਇਕੱਲਾ ਛੱਡ ਦਿੱਤਾ, ਕਿਉਂਕਿ ਉਹ ਉਸ ਨੂੰ ਰੱਖਣਾ ਨਹੀਂ ਚਾਹੁੰਦੀ ਅਤੇ ਵੱਧ ਮਾਤਰਾ 'ਚ ਓਵਰਡੋਜ਼ ਦਿੰਦੀ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।