ਲੁਧਿਆਣਾ ''ਚ ਸਿਮਰਜੀਤ ਬੈਂਸ ਖਿਲਾਫ ਮਾਮਲਾ ਦਰਜ

04/25/2018 11:23:05 AM

ਲੁਧਿਆਣਾ : ਲੁਧਿਆਣਾ ਪੁਲਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਮਾਮਲਾ ਦਰਜ ਕੀਤਾ ਹੈ। ਬੈਂਸ ਖਿਲਾਫ ਇਹ ਮਾਮਲਾ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸ ਦੀ ਡਿਊਟੀ 'ਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਧਾਇਕ ਬੈਂਸ ਆਪਣੇ ਕੁਝ ਸਾਥੀਆਂ ਨਾਲ ਇਕ ਸਮਰਥਕ ਹਰਪ੍ਰੀਤ ਸਿੰਘ ਨਾਲ ਪਾਸਪੋਰਟ ਦਫਤਰ ਗਏ ਸਨ। ਬੈਂਸ ਦਾ ਕਹਿਣਾ ਸੀ ਕਿ ਹਰਪ੍ਰੀਤ ਸਿੰਘ ਕੋਲ ਵੋਟਰ ਕਾਰਡ ਨਹੀਂ ਸੀ ਅਤੇ ਪਾਸਪੋਰਟ ਦਫਤਰ ਦੇ ਨਾਲ ਲੱਗਦੀ ਇਕ ਦੁਕਾਨ 'ਚ ਬੈਠੇ ਏਜੰਟੇ ਨੇ ਹਰਪ੍ਰੀਤ ਸਿੰਘ ਪਾਸੋਂ ਕਥਿਤ ਤੌਰ 'ਤੇ 14 ਹਜ਼ਾਰ ਰੁਪਏ ਲੈ ਕੇ ਉਸ ਦਾ ਵੋਟਰ ਕਾਰਡ ਬਣਾ ਦਿੱਤਾ ਤਾਂ ਜੋ ਉਸ ਦਾ ਪਾਸਪੋਰਟ ਬਣ ਸਕੇ। ਬੈਂਸ ਵਲੋਂ ਜਦੋਂ ਇਹ ਸਾਰਾ ਮਾਮਲਾ ਪਾਸਪੋਰਟ ਅਧਿਕਾਰੀ ਯਸ਼ਪਾਲ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਹੋ ਗਈ। ਬੈਂਸ ਵਲੋਂ ਪਾਸਪੋਰਟ ਦਫਤਰ ਨੂੰ ਰਿਸ਼ਵਤ ਦਾ ਅੱਡਾ ਦਸਿਆ ਗਿਆ ਅਤੇ ਅਧਿਕਾਰੀਆਂ 'ਤੇ ਏਜੰਟਾਂ ਨਾਲ ਮਿਲ ਕੇ ਲੋਕਾਂ ਦੀ ਲੁੱਟ-ਖਸੁੱਟ ਦੇ ਦੋਸ਼ ਲਾਏ। ਹਾਲਾਤ ਵਿਗੜਦੇ ਦੇਖ ਕੇ ਮੌਕੇ 'ਤੇ ਪੁਲਸ ਪੁੱਜੀ ਅਤੇ ਪਾਸਪੋਰਟ ਅਧਿਕਾਰੀ ਗੁੱਸੇ 'ਚ ਕੰਮ ਛੱਡ ਕੇ ਦਫਤਰ 'ਚੋਂ ਚਲੇ ਗਏ । ਪਾਸਪੋਰਟ ਅਧਿਕਾਰੀਆਂ ਵਲੋਂ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਅਤੇ ਬੈਂਸ ਦੇ ਇਸ ਰੱਵਈਏ ਕਾਰਨ ਕੰਮਕਾਜ ਠੱਪ ਕਰਨ ਦੀ ਧਮਕੀ ਵੀ ਦਿੱਤੀ। ਪਾਸਪੋਰਟ ਅਧਿਕਾਰੀਆਂ ਨੇ ਬੈਂਸ ਖਿਲਾਫ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News