ਨਾਜਾਇਜ਼ ਲਾਟਰੀ ਦੀ ਆੜ ’ਚ ਠੱਗੀ ਮਾਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ

Thursday, Apr 21, 2022 - 02:38 PM (IST)

ਨਾਜਾਇਜ਼ ਲਾਟਰੀ ਦੀ ਆੜ ’ਚ ਠੱਗੀ ਮਾਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ

ਲੁਧਿਆਣਾ (ਤਰੁਣ) : ਨਾਜਾਇਜ਼ ਲਾਟਰੀ ਦੀ ਆੜ ’ਚ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਹੜੱਪਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਥਾਣਾ ਦਰੇਸੀ ਦੀ ਪੁਲਸ ਨੇ ਸਖ਼ਤ ਕਾਰਵਾਈ ਕਰਦਿਆਂ ਦੜੇ-ਸੱਟੇ ਦੀਆਂ ਪਰਚੀਆਂ ਅਤੇ ਨਕਦੀ ਬਰਾਮਦ ਕੀਤੀ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਰਾਜੀਵ ਕੁਮਾਰ ਨਿਵਾਸੀ ਬਸੰਤ ਵਿਹਾਰ ਕਾਲੋਨੀ, ਮਿੰਟੂ ਵਾਸੀ ਜਗਦੀਪ ਨਗਰ ਅਤੇ ਰਾਜੇਸ਼ ਕੁਮਾਰ ਵਾਸੀ ਕੈਲਾਸ਼ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਲਾਟਰੀ ਦੀ ਆੜ ’ਚ ਦੜਾ-ਸੱਟਾ ਲਗਾ ਕੇ ਲੋਕਾਂ ਤੋਂ ਪੈਸੇ ਠੱਗ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਬਾਲ ਸਿੰਘ ਨਗਰ ਇਲਾਕੇ ’ਚ ਛਾਪਾ ਮਾਰ ਕੇ 3 ਮੁਲਜ਼ਮਾਂ ਨੂੰ ਦਬੋਚ ਲਿਆ, ਜਦੋਂ ਕਿ 4-5 ਵਿਅਕਤੀ ਭੱਜਣ ਵਿਚ ਸਫਲ ਰਹੇ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਲਾਟਰੀ ਦੀ ਨਾਜਾਇਜ਼ ਪਰਚੀ ਲਗਾਉਣ ਵਾਲੇ ਕਿੰਗਪਿਨ ਦੇ ਨਾਂ ਨਾਲ ਖ਼ੁਲਾਸਾ ਹੋਵੇਗਾ।
ਨਵ-ਨਿਯੁਕਤ ਥਾਣਾ ਮੁਖੀ ਨੇ ਦਿੱਤੀ ਚਿਤਾਵਨੀ
ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਦਰੇਸੀ ਦੇ ਇਲਾਕੇ ’ਚ ਸਥਿਤ ਸਾਰੀਆਂ ਲਾਟਰੀ ਦੀਆਂ ਦੁਕਾਨਾਂ ਬੰਦ ਹਨ ਪਰ ਮੁਲਜ਼ਮ ਦੁਕਾਨਾਂ ਦੇ ਬਾਹਰ ਅਤੇ ਇਧਰ-ਉਧਰ ਘੁੰਮ ਕੇ ਲਾਟਰੀ ਦੀ ਪਰਚੀ ਲਗਾ ਕੇ ਲੋਕਾਂ ਤੋਂ ਨਕਦੀ ਠੱਗ ਰਹੇ ਹਨ। ਉਨ੍ਹਾਂ ਨੇ ਅਜਿਹੇ ਗੈਰ-ਸਮਾਜਿਕ ਤੱਤਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਖ਼ਤ ਤੋਂ ਸਖ਼ਤ ਧਾਰਾ ਲਗਾ ਕੇ ਅਜਿਹੇ ਲੋਕਾਂ ਨੂੰ ਸਲਾਖ਼ਾਂ ਪਿੱਛੇ ਪਹੁੰਚਾਇਆ ਜਾਵੇਗਾ।


author

Babita

Content Editor

Related News