ਨਾਜਾਇਜ਼ ਮਾਈਨਿੰਗ ਦੇ ਮਾਮਲੇ ''ਚ ਚਾਰ ਖਿਲਾਫ ਕੇਸ ਦਰਜ, ਤਿੰਨ ਗ੍ਰਿਫਤਾਰ

Monday, Apr 02, 2018 - 06:18 AM (IST)

ਤਲਵੰਡੀ ਸਾਬੋ, (ਮੁਨੀਸ਼)- ਪੰਜਾਬ ਸਰਕਾਰ ਦੇ ਸਖਤ ਹੁਕਮਾਂ ਤੋਂ ਬਾਅਦ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਖੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਤਲਵੰਡੀ ਸਾਬੋ ਪੁਲਸ ਨੇ ਚਾਰ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਦੋਂ ਕਿ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਦੋ ਟਰੈਕਟਰ ਅਤੇ ਇਕ ਮਸ਼ੀਨ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਤਲਵੰਡੀ ਸਾਬੋ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਭਗਵਾਨਪੁਰਾ ਵਿਖੇ ਇਕ ਵਿਅਕਤੀ ਦੇ ਖੇਤ ਵਿਚ ਬਿਨਾਂ ਮਨਜ਼ੂਰੀ ਦੇ ਰੇਤ ਕੱਢੀ ਜਾ ਰਹੀ ਸੀ। ਏ. ਐੱਸ. ਆਈ. ਗੁਰਮੇਜ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਭਗਵਾਨਪੁਰਾ 'ਚ ਛਾਪੇਮਾਰੀ ਕੀਤੀ, ਉਥੇ ਇਕ ਮਸ਼ੀਨ, 2 ਟਰੈਕਟਰ-ਟਰਾਲੀਆਂ ਆਪਣੇ ਕਬਜ਼ੇ ਵਿਚ ਲੈ ਲਈਆਂ।
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਚਾਰ ਲੋਕਾਂ 'ਚ ਜ਼ਮੀਨ ਮਾਲਕ ਜਸਵਿੰਦਰ ਸਿੰਘ ਵਾਸੀ ਭਗਵਾਨਪੁਰਾ, ਮਸ਼ੀਨ ਚਾਲਕ ਰਾਜਾ ਸਿੰਘ ਵਾਸੀ ਨੱਤ, ਟਰੈਕਟਰ ਚਾਲਕ ਗੁਰਜੀਤ ਸਿੰਘ ਵਾਸੀ ਭਾਗੀਵਾਂਦਰ ਅਤੇ ਦੂਜਾ ਟਰੈਕਟਰ ਚਾਲਕ ਸਿਕੰਦਰ ਸਿੰਘ ਵਾਸੀ ਜ਼ਿਲਾ ਮਾਨਸਾ ਦੇ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਜ਼ਮੀਨ ਮਾਲਕ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਜਿਸ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Related News