ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪੈਸਿਆਂ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ 5 ਮੁਕੱਦਮੇ ਦਰਜ
Wednesday, Apr 21, 2021 - 03:07 PM (IST)
ਮੋਹਾਲੀ (ਪਰਦੀਪ) : ਜ਼ਿਲ੍ਹੇ ਅੰਦਰ ਪਿਛਲੇ ਦਿਨਾਂ ਦੌਰਾਨ ਭੋਲੇ-ਭਾਲੇ ਨੌਜਵਾਨਾਂ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪੈਸੇ ਦੀ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹਾ ਮਾਮਲਿਆਂ ’ਤੇ ਮੋਹਾਲੀ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਮੋਹਾਲੀ ਜ਼ਿਲ੍ਹੇ ਅੰਦਰ ਥਾਣਾ ਫੇਜ਼-1, ਥਾਣਾ ਮਟੌਰ, ਥਾਣਾ ਸਿਟੀ ਖਰੜ, ਥਾਣਾ ਹੰਡੇਸਰਾ ਅਤੇ ਥਾਣਾ ਢਕੋਲੀ ਵਿੱਚ ਵੱਖ-ਵੱਖ-ਦੋਸ਼ੀਆਂ ਦੇ ਖ਼ਿਲਾਫ਼ 5 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਸਬੰਧੀ 33 ਦਰਖ਼ਾਸਤਾਂ ਵੀ ਮਿਲੀਆਂ ਹਨ।
ਇਸ ਤੋਂ ਇਲਾਵਾ ਨੌਕਰੀ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ ਮਾਰਨ ਸਬੰਧੀ ਵੀ ਐਂਟੀ ਸਾਈਬਰ ਕ੍ਰਾਈਮ ਸੈੱਲ ਜਿਲ੍ਹਾ ਐੱਸ. ਏ. ਐੱਸ. ਨਗਰ ਵਿੱਚ 33 ਦਰਖ਼ਾਸਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਦਰਖ਼ਾਸਤਾਂ ’ਤੇ ਵੀ ਪੜਤਾਲ ਮੁਕੰਮਲ ਕਰਕੇ ਜਿਨ੍ਹਾਂ ਵੀ ਵਿਅਕਤੀਆਂ ਦਾ ਦੋਸ਼ ਪਾਇਆ ਜਾਵੇਗਾ, ਉਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸ. ਐੱਸ. ਪੀ. ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗ ਕਿਸਮ ਦੇ ਵਿਅਕਤੀਆਂ ਦੇ ਚੁੰਗਲ ਵਿੱਚ ਨਾ ਫਸਣ।
ਪੈਸਿਆਂ ਨਾਲ ਕੋਈ ਵੀ ਸਰਕਾਰੀ ਜਾਂ ਨਿੱਜੀ ਨੌਕਰੀ ਨਹੀਂ ਮਿਲਦੀ, ਸਗੋਂ ਇਹ ਨੌਕਰੀਆਂ ਸਿਰਫ ਵਿੱਦਿਅਕ ਯੋਗਤਾ ਅਤੇ ਮੈਰਿਟ ਦੇ ਆਧਾਰ 'ਤੇ ਹੀ ਮਿਲਦੀਆਂ ਹਨ। ਇਸ ਕਾਰਨ ਨੌਜਵਾਨਾਂ ਨੂੰ ਅਜਿਹੇ ਨੌਸਰਬਾਜ਼ਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਕਿਸੇ ਵਿਅਕਤੀ ਨੂੰ ਨੌਕਰੀ ਲਗਵਾਉਣ ਲਈ ਕਿਸੇ ਵਿਅਕਤੀ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਜਾਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਪੈਸਿਆਂ ਦੇ ਬਦਲੇ ਨੌਕਰੀ ਦਿਵਾ ਸਕਦਾ ਹੈ ਤਾਂ ਤੁਰੰਤ ਉਸ ਸਬੰਧੀ ਐਸ. ਐਸ. ਪੀ. ਦੇ ਦਫ਼ਤਰ, ਕੰਟਰੋਲ ਰੂਮ ਮੋਹਾਲੀ ਜਾਂ ਨੇੜੇ ਦੇ ਪੁਲਸ ਥਾਣੇ ਵਿੱਚ ਇਤਲਾਹ ਦਿੱਤੀ ਜਾਵੇ ਤਾਂ ਜੋ ਮਾੜੇ ਅਨਸਰਾਂ ਦੇ ਖ਼ਿਲਾਫ਼ ਸਮੇਂ ਸਿਰ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਕਈ ਠੱਗਾਂ ਵੱਲੋਂ ਟੈਲੀਫੋਨ ਕਾਲ ਰਾਹੀਂ ਜਾਂ ਇੰਟਰਨੈੱਟ 'ਤੇ ਇਸ਼ਤਿਹਾਰਾਂ ਰਾਹੀਂ ਨੌਕਰੀ ਲਗਵਾਉਣ ਦਾ ਲਾਲਚ ਦੇ ਕੇ ਆਨਲਾਈਨ ਪੈਸੇ ਭੇਜਣ ਦੀ ਮੰਗ ਕੀਤੀ ਜਾਂਦੀ ਹੈ, ਅਜਿਹੇ ਠੱਗਾਂ ਤੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਇੰਟਰਨੈੱਟ ਮਾਧਿਅਮ ਦੇ ਜਿੱਥੇ ਬਹੁਤ ਸਾਰੇ ਫਾਇਦੇ ਹਨ, ਉੱਥੇ ਇਨ੍ਹਾਂ ਮਾੜੇ ਅਨਸਰਾਂ ਵੱਲੋਂ ਠੱਗੀ ਮਾਰਨ ਲਈ ਵੀ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਟਰਨੈੱਟ ਦੇ ਕਿਸੇ ਵੀ ਪਲੇਟਫਾਰਮ 'ਤੇ ਕੋਈ ਇਸ਼ਤਿਹਾਰ ਜਾਂ ਦਾਅਵਾ ਪੜ੍ਹ ਕੇ ਉਸ 'ਤੇ ਵਿਸ਼ਵਾਸ਼ ਨਾ ਕੀਤਾ ਜਾਵੇ, ਸਗੋਂ ਦੇਖਣ ਪਰਖਣ ਤੋਂ ਬਾਅਦ ਹੀ ਅਜਿਹੇ ਕਿਸੇ ਵਿਅਕਤੀ ਜਾਂ ਸੰਸਥਾ ਪਰ ਵਿਸ਼ਵਾਸ਼ ਕੀਤਾ ਜਾਵੇ।