ਪਤੀ ਦਾ ਘਟੀਆ ਕਾਰਾ, ਜਿਊਂਦੀ ਪਤਨੀ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਵਾਇਆ

Saturday, Jan 09, 2021 - 04:21 PM (IST)

ਸਮਰਾਲਾ (ਜ. ਬ.) : ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਖ਼ਿਲਾਫ਼ ਆਪਣੀ ਜਿਊਂਦੀ ਪਤਨੀ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਪਰ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਸਾਬਕਾ ਕੌਂਸਲਰ ਖ਼ਿਲਾਫ਼ ਸ਼ਹਿਰ ਦੇ ਹੀ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਸਾਬਕਾ ਕੌਂਸਲਰ ਦੀ ਪਤਨੀ ਦੇ ਨਾਂ ’ਤੇ ਚੱਲਦੀ ਇਕ ਫਰਮ ਦਾ ਚੈੱਕ ਫੇਲ੍ਹ ਹੋ ਗਿਆ।

ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਵਾਇਆ ਅਤੇ ਅਦਾਲਤ 'ਚ ਪੇਸ਼ ਕੀਤਾ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਸਾਲ 2016 'ਚ ਉਕਤ ਕੌਂਸਲਰ ਨੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਨਗਰ ਕੌਂਸਲ ਸਮਰਾਲਾ ਦੇ ਮੌਤ ਅਤੇ ਜਨਮ ਰਜਿਸਟਰ 'ਚ ਆਪਣੀ ਪਤਨੀ ਦੀ ਮੌਤ ਹੋਣ ਦੀ ਝੂਠੀ ਐਂਟਰੀ ਦਰਜ ਕਰਵਾ ਕੇ ਮੌਤ ਦਾ ਸਰਟੀਫਿਕੇਟ ਜਾਰੀ ਕਰਵਾ ਲਿਆ।  

ਪਤਨੀ ਦੀ ਮੌਤ ਦੇ ਸਰਟੀਫਿਕੇਟ ਨੂੰ ਕਰਨਾਲ ਅਦਾਲਤ ਵਿਖੇ ਚੈੱਕ ਬਾਊਂਸ ਦੇ ਚੱਲ ਰਹੇ ਕੇਸ 'ਚ ਪੇਸ਼ ਕਰਕੇ ਉਥੋਂ ਉਕਤ ਕੇਸ ਖਾਰਜ ਕਰਵਾ ਲਿਆ, ਜਦੋਂ ਕਿ ਇਸ ਸਾਬਕਾ ਕੌਂਸਲਰ ਦੀ ਪਤਨੀ ਅੱਜ ਵੀ ਜਿਊਂਦੀ ਹੈ। ਇਸ ਸ਼ਿਕਾਇਤ ’ਤੇ ਪੁਲਸ ਨੇ ਪੜਤਾਲ ਮਗਰੋਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Babita

Content Editor

Related News