ਫੈਕਟਰੀ 'ਚ ਕੰਮ ਕਰਦੇ ਬਾਲ ਮਜ਼ਦੂਰ ਦੀਆਂ ਵੱਢੀਆਂ ਗਈਆਂ ਉਂਗਲਾਂ, ਮਾਲਕ ਨੇ ਕਿਹਾ- 'ਗੇਟ 'ਚ ਆਇਆ ਹੱਥ...'
Friday, Jan 17, 2025 - 10:29 PM (IST)
ਲੁਧਿਆਣਾ (ਖੁਰਾਣਾ,ਜਗਰੂਪ)- ਉਦਯੋਗਿਕ ਨਗਰੀ ਦੇ ਜਸਪਾਲ ਬਾਂਗਰ ਇਲਾਕੇ ਦੀ ਇਕ ਫੈਕਟਰੀ ਵਿਚ ਬਾਲ ਮਜ਼ਦੂਰੀ ਦਾ ਸੰਤਾਪ ਝੱਲ ਰਹੇ 11 ਸਾਲਾਂ ਬੱਚੇ ਦੇ ਨਾਲ ਹੋਈ ਦਰਦਨਾਕ ਘਟਨਾ ਵਿਚ ਮਾਸੂਮ ਦੇ ਹੱਥਾਂ ਦੀਆਂ ਉਂਗਲਾਂ ਕੱਟ ਕੇ ਵੱਖ ਹੋ ਗਈਆਂ ਹਨ। ਫੈਕਟਰੀ ਮਾਲਕ ਵੱਲੋਂ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਅਤੇ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰ ਨੂੰ ਰੁਪਇਆਂ ਦਾ ਲਾਲਚ ਦੇ ਕੇ ਕਥਿਤ ਤੌਰ ’ਤੇ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਬੱਚੇ ਦਾ ਹੱਥ ਗੇਟ ਵਿਚ ਆਉਣ ਕਾਰਨ ਸੱਟ ਲੱਗੀ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਹੁਣ ਈ-ਸ਼੍ਰਮ ਕਾਰਡ ਸਮੇਤ ਸੇਵਾ ਕੇਂਦਰਾਂ 'ਚੋਂ ਮਿਲਣਗੀਆਂ ਇਹ ਨਵੀਆਂ ਸਹੂਲਤਾਂ
ਇਹ ਜਾਣਕਾਰੀ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਦਿੰਦੇ ਹੋਏ ਦਾਅਵਾ ਕੀਤਾ ਗਿਆ ਕਿ ਫੈਕਟਰੀ ਸੰਚਾਲਕਾਂ ਵੱਲੋਂ ਫੈਕਟਰੀ ਵਿਚ 11 ਅਤੇ 15 ਸਾਲ ਦੇ ਨਾਬਾਲਗ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾ ਕੇ ਸਰਕਾਰ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਵਿਚ ਮਾਸੂਮ ਬੱਚਿਆਂ ਨੂੰ ਫੈਕਟਰੀ ਵਿਚ ਚਾਹ-ਪਾਣੀ ਪਿਲਾਉਣ ਦੇ ਨਾਮ ’ਤੇ ਭਾਰੀ ਪ੍ਰੈੱਸ ਵਾਲੀ ਮਸ਼ੀਨ ’ਤੇ ਕੰਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਹੋਏ ਦਰਦਨਾਕ ਹਾਦਸੇ ਵਿਚ 11 ਸਾਲਾਂ ਬੱਚੇ ਦੇ ਹੱਥ ਦੀਆਂ ਉਂਗਲਾਂ ਕੱਟੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮਾਸੂਮ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨ ਸਜ਼ਾਯੋਗ ਅਪਰਾਧ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਉਨ੍ਹਾਂ ਨੇ ਦਾਅਵਾ ਕੀਤਾ ਕਿ ਫੈਕਟਰੀ ਮਾਲਕ ਵੱਲੋਂ ਬੜੀ ਹੀ ਸਫਾਈ ਨਾਲ ਫੈਕਟਰੀ ਦੇ ਬਾਹਰ ਲੱਗੇ ਬੋਰਡ ਤੋਂ ਫਰਮ ਦਾ ਲਾਮ ਅਤੇ ਜੀ.ਐੱਸ.ਟੀ.ਨੰਬਰ. ਗਾਇਬ ਕਰ ਦਿੱਤਾ ਗਿਆ। ਵਿਧਾਇਕਾ ਛੀਨਾ ਨੇ ਦਾਅਵਾ ਕੀਤਾ ਹੈ ਕਿ ਫੈਕਟਰੀ ਸੰਚਾਲਕ ਵੱਲੋਂ ਘਟਨਾ ਨੂੰ ਹਾਦਸੇ ਦੀ ਸ਼ਕਲ ਦੇਣ ਲਈ ਇਕ ਸਟੈਂਪ ਪੇਪਰ ਵੀ ਤਿਆਰ ਕਰਵਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਤੋਂ ਸੁਰੱਖਿਅਤ ਬਚਿਆ ਜਾ ਸਕੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਲਾਕੇ ਦੇ ਕੁਝ ਲੋਕਾਂ ਵੱਲੋਂ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮਾਂ ਅਤੇ ਲੇਬਰ ਵਿਭਾਗ ਦੀ ਇੰਸਪੈਕਟਰ ਨੇਹਾ ਗੁਪਤਾ ਦੇ ਨਾਲ ਫੈਕਟਰੀ ਵਿਚ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਵੀ ਫੈਕਟਰੀ ਦਾ ਗੇਟ ਬਾਹਰੋਂ ਬੰਦ ਸੀ ਅਤੇ ਮਜ਼ਦੂਰ ਕੰਮ ਕਰ ਰਹੇ ਸਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਦੌਰਾਨ ਜੇਕਰ ਫੈਕਟਰੀ ਵਿਚ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਫੈਕਟਰੀ ਦੇ ਅੰਦਰ ਕੰਮ ਕਰ ਰਹੀ ਲੇਬਰ ਦੇ ਸੁਰੱਖਿਅਤ ਬਾਹਰ ਨਿਕਲਣ ਦਾ ਕੋਈ ਰਸਤਾ ਤੱਕ ਨਹੀਂ ਬਚਦਾ। ਪੀੜਤ ਬੱਚੇ ਸੰਨੀ ਦੇ ਮੁਤਾਬਕ ਹਾਦਸੇ ਦੌਰਾਨ ਉਸ ਦੀਆਂ ਉਂਗਲਾਂ ਕੱਟ ਜਾਣ ਤੋਂ ਬਾਅਦ ਫੈਕਟਰੀ ਮਾਲਕ ਉਂਗਲਾਂ ਕਟੋਰੀ ਵਿਚ ਪਾ ਕੇ ਹਸਪਤਾਲ ਲੈ ਗਿਆ ਅਤੇ ਟਾਂਕੇ ਲਗਾ ਕੇ ਉਂਗਲਾਂ ਨੂੰ ਹੱਥ ਦੇ ਨਾਲ ਵਾਪਸ ਜੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਉਧਰ, ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੰਗਣਵਾਲ ਪੁਲਸ ਚੌਕੀ ਦੇ ਇੰਚਾਰਜ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਫੈਕਟਰੀ ਮਾਲਕਾਂ ਖਿਲਾਫ ਹੋਵੇਗੀ ਸਖਤ ਕਾਰਵਾਈ : ਅਸਿਸਟੈਂਟ ਲੇਬਰ ਕਮਿਸ਼ਨਰ
ਅਸਿਸਟੈਂਟ ਲੇਬਰ ਕਮਿਸ਼ਨਰ ਸਰਬਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲਾ 1 ਜਨਵਰੀ ਦਾ ਹੈ ਜਿਸ ਫੈਕਟਰੀ ਮਾਲਕਾਂ ਵੱਲੋਂ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਭਿਣਕ ਲੱਗਣ ਤੋਂ ਬਾਅਦ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਨਾਲ ਲੇਬਰ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ । ਫੈਕਟਰੀ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੌਕੇ ’ਤੇ ਫੈਕਟਰੀ ਮਾਲਕ ਨਹੀਂ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਪਾਏ ਜਾਣ ’ਤੇ ਫੈਕਟਰੀ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8