ਡੇਢ ਮਹੀਨੇ ’ਚ ਖ਼ਰਾਬ ਹੋਇਆ AC, ਕੰਪਨੀ ’ਤੇ 7 ਹਜ਼ਾਰ ਹਰਜਾਨਾ
Monday, Dec 23, 2024 - 02:51 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਵੋਲਟਾਸ ’ਤੇ 7 ਹਜ਼ਾਰ ਰੁਪਏ ਦਾ ਹਰਜਾਨਾ ਲਾਇਆ ਹੈ। ਕਮਿਸ਼ਨ ’ਚ ਦਾਇਰ ਜਵਾਬ ’ਚ ਕੰਪਨੀ ਨੇ ਸ਼ਿਕਾਇਤ ਦਾ ਵਿਰੋਧ ਕੀਤਾ ਤੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਸੇਵਾ ਪ੍ਰਦਾਨ ਕਰਨ ਤੋਂ ਕਦੇ ਇਨਕਾਰ ਨਹੀਂ ਕੀਤਾ। ਏ. ਸੀ. ’ਚ ਕੋਈ ਨਿਰਮਾਣ ਨੁਕਸ ਨਹੀਂ ਹੈ। ਨਾਲ ਹੀ ਕੰਪਨੀ ਦੇ ਅਧਿਕਾਰਤ ਡੀਲਰ ਦੇ ਪੇਸ਼ ਨਾ ਹੋਣ ਕਾਰਨ ਕਮਿਸ਼ਨ ਨੇ ਕੇਸ ਨੂੰ ਐਕਸ-ਪਾਰਟੀ ਕਰਾਰ ਦਿੰਦਿਆਂ ਉਪਰੋਕਤ ਫ਼ੈਸਲਾ ਸ਼ਿਕਾਇਤਕਰਤਾ ਦੇ ਹੱਕ ਵਿਚ ਸੁਣਾਇਆ ਹੈ।
ਸੈਕਟਰ-22ਬੀ ਦੇ ਵਸਨੀਕ ਐੱਮ. ਐੱਸ. ਰਾਣਾ ਨੇ ਕਮਿਸ਼ਨ ’ਚ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਵੋਲਟਾਸ ਦੇ ਐੱਮ. ਡੀ. ਅਤੇ ਸੈਕਟਰ-22ਏ ਸਥਿਤ ਮੇਹਰਸੰਸ ਇਲੈਕਟ੍ਰੋਨਿਕਸ ਦੇ ਡਾਇਰੈਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੀੜਤ ਨੇ ਦੱਸਿਆ ਕਿ 8 ਮਈ ਨੂੰ ਸੈਕਟਰ-22ਏ ਸਥਿਤ ਵੋਲਟਾਸ ਦੇ ਅਧਿਕਾਰਤ ਡੀਲਰ ਮੇਹਰਸੰਸ ਤੋਂ ਸਪਲਿੱਟ ਏ. ਸੀ. 31 ਹਜ਼ਾਰ ਰੁਪਏ ’ਚ ਖ਼ਰੀਦਿਆ ਸੀ। ਮਾਂ ਜੱਦੀ ਪਿੰਡ ਹਰਿਆਣਾ ਗਈ ਸੀ, ਇਸ ਲਈ ਏ. ਸੀ. ਲਗਾਤਾਰ ਨਹੀਂ ਵਰਤਿਆ ਗਿਆ।
26 ਜੂਨ ਨੂੰ ਜਦੋਂ ਮਾਂ ਵਾਪਸ ਆਈ ਤਾਂ ਏ. ਸੀ. ਨੇ ਕੂਲਿੰਗ ਨਹੀਂ ਕੀਤੀ। 26 ਜੂਨ ਨੂੰ ਦੋਸ਼ੀ ਧਿਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਸਮੱਸਿਆ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਪਰ 2 ਦਿਨ ਉਡੀਕ ਕਰਨ ’ਤੇ ਕੋਈ ਜਵਾਬ ਨਾ ਮਿਲਣ ’ਤੇ ਵਿਕਰੇਤਾ ਨਾਲ ਸੰਪਰਕ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਟੈਕਨੀਸ਼ੀਅਨ ਘਰ ਦਾ ਦੌਰਾ ਕਰੇਗਾ। ਅਗਲੇ ਦਿਨ ਟੈਕਨੀਸ਼ੀਅਨ ਨੇ ਦੌਰਾ ਕੀਤਾ ਤੇ ਜਾਂਚ ਤੋਂ ਬਾਅਦ ਦੱਸਿਆ ਕਿ ਏ. ਸੀ. ਦਾ ਕੰਟਰੋਲਰ ਕੰਮ ਨਹੀਂ ਕਰ ਰਿਹਾ। ਇਸ ਨੂੰ ਬਦਲਣ ਦੀ ਲੋੜ ਹੈ। ਕੰਟਰੋਲਰ ਦੀ ਬਦਲੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਗਿਆ ਕਿ ਟੈਕਨੀਸ਼ੀਅਨ ਮਨਜੋਤ ਸਿੰਘ ਸ਼ਿਕਾਇਤਕਰਤਾ ਦੇ ਘਰ ਦਾ ਦੌਰਾ ਕਰੇਗਾ ਪਰ ਦੋਸ਼ੀ ਨੇ ਕੁਝ ਨਹੀਂ ਕੀਤਾ। ਸ਼ਿਕਾਇਤਕਰਤਾ ਉਡੀਕ ਕਰ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ।