ਜਲੰਧਰ: ਅਨੁਸੂਚਿਤ ਜਾਤੀ ਦੇ ਲੋਕ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਇੰਝ ਪ੍ਰਾਪਤ ਕਰ ਸਕਦੇ ਨੇ ਆਰਥਿਕ ਸਹਾਇਤਾ

Thursday, Jun 02, 2022 - 06:26 PM (IST)

ਜਲੰਧਰ: ਅਨੁਸੂਚਿਤ ਜਾਤੀ ਦੇ ਲੋਕ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਇੰਝ ਪ੍ਰਾਪਤ ਕਰ ਸਕਦੇ ਨੇ ਆਰਥਿਕ ਸਹਾਇਤਾ

ਜਲੰਧਰ: ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਅਕਤੀ ਡਾ. ਅੰਬੇਡਕਰ ਮੈਡੀਕਲ ਏਡ ਸਕੀਮ ਤਹਿਤ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਕਤ ਵਰਗ ਦੇ ਉਹ ਲੋਕ ਲਾਭ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਦੀ ਸਲਾਨਾ ਪਰਿਵਾਰਕ ਆਮਦਨ 3 ਲੱਖ ਰੁਪਏ ਤੋਂ ਵੱਧ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਕਿਡਨੀ, ਦਿਲ, ਲੀਵਰ,  ਬ੍ਰੇਨ ਸਰਜਰੀ, ਸਪਾਈਨਲ ਸਰਜਰੀ, ਕੈਂਸਰ ਅਤੇ ਆਰਗਨ ਟਰਾਂਸਪਲਾਂਟ ਸਮੇਤ ਜ਼ਿੰਦਗੀ ਲਈ ਘਾਤਕ ਬੀਮਾਰੀਆਂ ਦੇ ਡਾਕਟਰੀ ਇਲਾਜ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ- ਪੰਥਕ ਜਥੇਬੰਦੀਆਂ ਨੇ ਸੰਗਰੂਰ ਜ਼ਿਮਨੀ ਚੋਣ ਲਈ ਰਾਜੋਆਣਾ ਦੀ ਭੈਣ ਨੂੰ ਸਾਂਝਾ ਉਮੀਦਵਾਰ ਐਲਾਨਿਆ

ਡਿਪਟੀ ਕਮਿਸ਼ਨਰ ਨੇ ਅਨੁਸੂਚਿਤ ਜਾਤੀ ਵਰਗ ਦੇ ਗਰੀਬ ਲੋਕ, ਜਿਹੜੇ ਆਰਥਿਕ ਤੰਗੀ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ, ਲਈ ਇਸ ਸਕੀਮ ਨੂੰ ਲਾਹੇਵੰਦ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਾਰਟ ਸਰਜਰੀ ਲਈ 1.25 ਲੱਖ, ਕਿਡਨੀ ਸਰਜਰੀ/ਡਾਇਲਸਿਸ ਲਈ 3.5 ਲੱਖ, ਕੈਂਸਰ ਸਰਜਰੀ/ਕੀਮੋਥੈਰੇਪੀ/ਰੇਡੀਓਗ੍ਰਾਫੀ ਲਈ 1.75 ਲੱਖ, ਬ੍ਰੇਨ ਸਰਜਰੀ ਲਈ 1.5 ਲੱਖ, ਕਿਡਨੀ/ਆਰਗਨ ਟਰਾਂਸਪਲਾਂਟ ਲਈ 3.5 ਲੱਖ, ਸਪਾਈਨਲ ਸਰਜਰੀ ਲਈ 1 ਲੱਖ ਅਤੇ ਹੋਰ ਜਾਨਲੇਵਾ ਬੀਮਾਰੀ ਦੇ ਇਲਾਜ ਲਈ 1 ਲੱਖ ਰੁਪਏ ਦੀ ਨਿਰਧਾਰਿਤ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਸਰਜਰੀ ਦੇ ਅਨੁਮਾਨਿਤ ਖਰਚੇ ਦੀ 100 ਫੀਸਦੀ ਰਾਸ਼ੀ ਸਿੱਧਾ ਸਬੰਧਤ ਹਸਪਤਾਲ ਨੂੰ ਜਾਰੀ ਕੀਤੀ ਜਾਂਦੀ ਹੈ, ਜਿਥੇ ਮਰੀਜ਼ ਵੱਲੋਂ ਇਲਾਜ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ, ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਾਰੇ ਹਸਪਤਾਲਾਂ ਸਮੇਤ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ ।

ਇਹ ਵੀ ਪੜ੍ਹੋ- ਪੰਜਾਬ ਪੁਲਸ ਕਾਂਸਟੇਬਲ ਭਰਤੀ ਲਈ ਚੁਣੀਆਂ ਉਮੀਦਵਾਰ ਕੁੜੀਆਂ ਦਾ ਸਬਰ ਦਾ ਬੰਨ੍ਹ ਟੁੱਟਾ, ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ

ਉਨ੍ਹਾਂ ਦੱਸਿਆ ਕਿ ਸਹਾਇਤਾ ਲਈ ਡਾ. ਅੰਬੇਡਕਰ ਫਾਊਂਡੇਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਨਿਰਧਾਰਿਤ ਪ੍ਰੋਫਾਰਮੇ ਦੇ ਵੇਰਵਿਆਂ ਅਨੁਸਾਰ ਸਾਦੇ ਕਾਗਜ਼ ਜਾਂ ਨਿਰਧਾਰਿਤ ਬਿਨੈ-ਪੱਤਰ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ । ਬਿਨੈ-ਪੱਤਰ ਦੇ ਨਾਲ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਾਸ਼ਨ ਕਾਰਡ/ਆਧਾਰ ਕਾਰਡ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਨੱਥੀ ਕਰਨ ਤੋਂ ਇਲਾਵਾ ਸਰਜਰੀ ਦੇ ਅਨੁਮਾਨਿਤ ਖਰਚੇ ਸਬੰਧੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੁਆਰਾ ਤਸਦੀਕ ਸਰਟੀਫਿਕੇਟ ਨਾਲ ਲਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਡਾਕਟਰੀ ਸਹਾਇਤਾ ਲਈ ਬਿਨੈ-ਪੱਤਰ ਡਾਇਰੈਕਟਰ, ਡਾ. ਅੰਬੇਡਕਰ ਫਾਊਂਡੇਸ਼ਨ, 15, ਜਨਪਥ, ਨਵੀਂ ਦਿੱਲੀ, ਨੂੰ ਆਫਲਾਈਨ ਜਾਂ ਆਨਲਾਈਨ ਦੋਵੇਂ ਢੰਗਾਂ ਨਾਲ ਭੇਜਿਆ ਜਾ ਸਕਦਾ ਹੈ ਅਤੇ ਬਿਨੈ ਪੱਤਰ ਸਰਜਰੀ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਹੁੰਚਣਾ ਜ਼ਰੂਰੀ ਹੈ । ਉਨ੍ਹਾਂ ਅਨੁਸੂਚਿਤ ਜਾਤੀ ਵਰਗ ਦੇ ਯੋਗ ਅਤੇ ਲੋੜਵੰਦ ਵਿਅਕਤੀਆਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਕੀਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਸਕੱਤਰ ਰੈਡ ਕਰਾਸ ਇੰਦਰਦੇਵ ਮਿਨਹਾਸ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 98765-02613 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News