ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਪੈਸਿਆਂ ਵਾਲਾ ਬੈਗ ਖੋਹਿਆ

Friday, Dec 22, 2017 - 02:57 AM (IST)

ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਪੈਸਿਆਂ ਵਾਲਾ ਬੈਗ ਖੋਹਿਆ

ਮੋਗਾ,   (ਆਜ਼ਾਦ)-  ਤਿੰਨ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਪੈਸਿਆਂ ਵਾਲਾ ਬੈਗ ਅਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਘਾਪੁਰਾਣਾ ਪੁਲਸ ਵੱਲੋਂ ਰਤੇਸ਼ ਠਾਕੁਰ ਨਿਵਾਸੀ ਪਿੰਡ ਬੀਪਰਵਾਲੀ (ਆਗਰਾ) ਹਾਲ ਆਬਾਦ ਸੈਂਟਰ ਕ੍ਰੈਡਿਟ ਕੇਅਰ ਨੈੱਟ ਵਰਕਸ ਮੋਗਾ ਰੋਡ ਬਾਘਾਪੁਰਾਣਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਰਤੇਸ਼ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਲੋਕਾਂ ਨੂੰ ਕਾਰੋਬਾਰ ਲਈ ਕਰਜ਼ਾ ਦਿੱਤਾ ਜਾਂਦਾ ਹੈ। ਉਹ ਬੀਤੀ ਰਾਤ ਆਪਣੇ ਮੋਟਰਸਾਈਕਲ 'ਤੇ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਲਈ ਗੱਜਣਵਾਲਾ, ਜੈਮਲਵਾਲਾ, ਜੈ ਸਿੰਘ ਵਾਲਾ ਅਤੇ ਹੋਰ ਪਿੰਡਾਂ ਤੋਂ ਹੋ ਕੇ ਪਿੰਡ ਚੰਦ ਨਵਾਂ ਤੋਂ ਡਰੋਲੀ ਭਾਈ ਜਾ ਰਿਹਾ ਸੀ ਤਾਂ ਰਸਤੇ 'ਚ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨਕਾਬਪੋਸ਼ ਲੁਟੇਰੇ ਲੜਕਿਆਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਅਤੇ ਉਹ ਧਮਕੀ ਦੇ ਕੇ ਉਸ ਤੋਂ ਪੈਸਿਆਂ ਵਾਲਾ ਬੈਗ, ਪਰਸ ਜਿਸ 'ਚ 800 ਰੁਪਏ ਨਕਦ ਸਨ, ਇਕ ਲੈਪਟਾਪ, ਮੋਬਾਇਲ ਅਤੇ ਹੋਰ ਦਸਤਾਵੇਜ਼ ਖੋਹ ਕੇ ਲੈ ਗਏ।
ਉਨ੍ਹਾਂ ਕਿਹਾ ਕਿ ਜੇ ਤੂੰ ਰੌਲਾ ਪਾਇਆ ਤਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ, ਜਿਸ ਕਾਰਨ ਉਹ ਡਰ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਉਸ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਨਾ ਮਿਲ ਸਕਿਆ। ਉਨ੍ਹਾਂ ਦੱਸਿਆ ਕਿ ਉਕਤ ਕੇਸ ਵਾਲੇ ਬੈਗ 'ਚ ਕਿੰਨੇ ਪੈਸੇ ਸਨ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਲੁਟੇਰਿਆਂ ਦਾ ਸੁਰਾਗ ਲਾਉਣ ਦਾ ਯਤਨ ਕਰ ਰਹੇ ਹਨ।


Related News