ਵਿਧਾਇਕ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ : ਬਗੀਰਥ ਰਾਏ ਗੀਰਾ

Saturday, Feb 03, 2018 - 11:20 AM (IST)

ਵਿਧਾਇਕ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ : ਬਗੀਰਥ ਰਾਏ ਗੀਰਾ

ਸੁਨਾਮ ਊਧਮ ਸਿੰਘ ਵਾਲਾ (ਮੰਗਲਾ, ਬਾਂਸਲ)—ਪਿਛਲੇ ਦਿਨੀਂ ਸਥਾਨਕ ਵਿਧਾਇਕ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਨਗਰ ਕੌਂਸਲ ਪ੍ਰਧਾਨ ਬਗੀਰਥ ਰਾਏ ਗੀਰਾ ਨੇ ਦੱਸਿਆ ਕਿ ਪੂਰੀ ਪਾਰਦਰਸ਼ਤਾ ਨਾਲ ਵਿਕਾਸ ਕੰਮ ਕਰਵਾਏ ਗਏ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਪਿਛਲੇ 10 ਸਾਲਾਂ 'ਚ ਰਿਕਾਰਡ ਵਿਕਾਸ ਹੋਇਆ ਹੈ । ਅਕਾਲੀ-ਭਾਜਪਾ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਕਰੀਬ 30 ਕਰੋੜ ਰੁਪਏ ਨਾਲ ਸ਼ਹਿਰ 'ਚ ਸੀਵਰੇਜ/ਵਾਟਰ ਸਪਲਾਈ ਦੀ ਸਹੂਲਤ ਦਿੱਤੀ ਗਈ । ਜਦੋਂਕਿ ਦੂਜੇ ਕਾਰਜਕਾਲ 'ਚ ਕਰੀਬ 20 ਕਰੋੜ ਰੁਪਏ ਉਕਤ ਦੋਵੇਂ ਸਹੂਲਤਾਂ 'ਤੇ ਸੀਵਰੇਜ ਬੋਰਡ ਵੱਲੋਂ ਖਰਚ ਕੀਤੇ ਗਏ।
ਇਸ ਤੋਂ ਇਲਾਵਾ ਸ਼ਹਿਰ ਦਾ ਰੇਲਵੇ ਅੰਡਰਬ੍ਰਿਜ, ਸਰਕਾਰੀ ਹਸਪਤਾਲ, ਸਰਕਾਰੀ ਕਾਲਜ ਸਟੇਡੀਅਮ ਆਦਿ ਦਾ ਨਿਰਮਾਣ ਅਕਾਲੀ-ਭਾਜਪਾ ਸਰਕਾਰ ਨੇ ਕਰਵਾਇਆ । ਪਹਿਲੇ ਵਿੱਤ ਮੰਤਰੀ ਦੀ ਅਗਵਾਈ 'ਚ ਸ਼ਹਿਰੀ ਵਿਕਾਸ ਲਈ ਪਿਛਲੇ 5 ਸਾਲਾਂ ਵਿਚ 17 ਕਰੋੜ 50 ਲੱਖ ਰੁਪਏ ਨਗਰ ਕੌਂਸਲ ਨੂੰ ਪ੍ਰਾਪਤ ਹੋਏ ਸਨ । ਅਗਰਸੈਨ ਚੌਕ ਤੋਂ ਲੈ ਕੇ ਸੜਕ ਦਾ ਕੰਮ ਦੁਬਾਰਾ ਇਸ ਲਈ ਕਰਵਾਉਣਾ ਪਿਆ ਕਿਉਂਕਿ ਇਥੇ ਮੀਂਹ ਦਾ ਪਾਣੀ ਜਮ੍ਹਾ ਹੋ ਜਾਂਦਾ ਹੈ । ਸ਼ਹਿਰ 'ਚ ਕਿਸੇ ਵੀ ਸੜਕ ਦਾ ਨਾਂ ਬਦਲ ਕੇ ਕੰਮ ਨਹੀਂ ਕਰਵਾਇਆ ਗਿਆ। 'ਆਪ' ਨੇ ਹਮੇਸ਼ਾ ਹੀ ਬੇਬੁਨਿਆਦ ਦੋਸ਼ਾਂ ਦੇ ਦਮ 'ਤੇ ਸਿਆਸਤ ਕੀਤੀ ਹੈ । ਪਾਰਟੀ ਦੇ ਆਗੂ ਇਸ ਸੋਚ ਦਾ ਤਿਆਗ ਕਰਨ ਅਤੇ ਕੰਮ ਕਰ ਕੇ ਦਿਖਾਉਣ।
ਇਸ ਮੌਕੇ ਹਾਜ਼ਰ ਕੌਂਸਲਰਾਂ ਯਾਦਵਿੰਦਰ ਨਿਰਮਾਣ, ਅੰਮ੍ਰਿਤ ਕੌਰ, ਹਾਕਮ ਸਿੰਘ, ਪ੍ਰਭਸ਼ਰਨ ਬੱਬੂ, ਸਰਬਜੀਤ ਕੌਰ, ਪ੍ਰੇਮ ਚੰਦ, ਪ੍ਰਧਾਨ ਬਗੀਰਥ ਰਾਏ, ਨਿਸ਼ਾਨ ਸਿੰਘ, ਦਰਸ਼ਨ ਸਿੰਘ ਨੇ ਵਿਧਾਇਕ ਤੋਂ ਸਵਾਲ ਕੀਤਾ ਕਿ 'ਆਪ' ਦੇ ਨੇਤਾ ਅਤੇ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਿਛਲੇ ਚਾਰ ਸਾਲਾਂ 'ਚ ਸੁਨਾਮ ਲਈ ਕੀ ਕੀਤਾ ਹੈ?


Related News