ਨਸ਼ੇ ਦੀ ਹਾਲਤ ''ਚ ਨੌਜਵਾਨ ਨੇ ਸਹੁਰੇ ਘਰ ਜਾ ਕੇ ਫਿਲਮੀ ਸਟਾਈਲ ''ਚ ਕੀਤਾ ਡਰਾਮਾ
Thursday, Nov 28, 2019 - 10:44 AM (IST)

ਜਲੰਧਰ (ਸ਼ੋਰੀ)— ਭਾਰਗੋ ਕੈਂਪ 'ਚ ਦੇਰ ਸ਼ਾਮ ਇਕ ਸ਼ਰਾਬੀ ਨੇ ਫਿਲਮੀ ਸਟਾਈਲ 'ਚ ਡਰਾਮਾ ਕੀਤਾ। ਰੁੱਸੀ ਪਤਨੀ ਨੂੰ ਮਨਾਉਣ ਗਏ ਸ਼ਰਾਬੀ ਪਤੀ ਨਾਲ ਪਤਨੀ ਵੱਲੋਂ ਜਾਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਸ ਨੇ ਵਿਵਾਦ ਕਰਨ ਤੋਂ ਬਾਅਦ ਖੁਦ 'ਤੇ ਤੇਜ਼ਾਬ ਪਾ ਲਿਆ। ਇਸ ਦੌਰਾਨ ਹੰਗਾਮਾ ਹੋਇਆ ਅਤੇ ਮੌਕੇ 'ਤੇ ਪੁੱਜੀ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮਾਮਲਾ ਸ਼ਾਂਤ ਕਰਵਾ ਕੇ ਸ਼ਰਾਬੀ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ। ਜਾਣਕਾਰੀ ਮੁਤਾਬਕ ਮੁਹੱਲਾ ਕੋਟ ਸਦੀਕ ਨਿਵਾਸੀ ਨੌਜਵਾਨ ਦਾ ਵਿਆਹ ਭਾਰਗੋ ਕੈਂਪ ਵਾਸੀ ਔਰਤ ਨਾਲ ਹੋਏ ਕਰੀਬ 15 ਸਾਲ ਦਾ ਸਮਾਂ ਹੋ ਗਿਆ ਹੈ। ਵਿਆਹ ਤੋਂ ਬਾਅਦ ਸ਼ਰਾਬ ਦੇ ਨਸ਼ੇ 'ਚ ਪਤਨੀ ਨਾਲ ਕੁੱਟਮਾਰ ਦਾ ਸਿਲਸਿਲਾ ਜਾਰੀ ਰਿਹਾ। ਬੀਤੀ ਰਾਤ ਉਕਤ ਵਿਅਕਤੀ ਨੇ ਸ਼ਰਾਬੀ ਹਾਲਤ 'ਚ ਪਤਨੀ ਨੂੰ ਕੁੱਟਿਆ ਅਤੇ ਪਤਨੀ ਆਪਣੇ 3 ਬੱਚਿਆਂ ਨੂੰ ਲੈ ਕੇ ਪੇਕੇ ਭਾਰਗੋ ਕੈਂਪ ਆ ਗਈ ਪਰ ਪਤਨੀ ਦੀ ਜੁਦਾਈ ਸਹਿਣ ਨਾ ਕਰ ਸਕਿਆ ਪਤੀ ਸ਼ਰਾਬ ਦੇ ਨਸ਼ੇ 'ਚ ਸਹੁਰੇ ਘਰ ਪੁੱਜ ਕੇ ਪਤਨੀ ਨੂੰ ਜ਼ਬਰਦਸਤੀ ਨਾਲ ਲੈ ਕੇ ਜਾਣ ਦਾ ਵਿਵਾਦ ਕਰਨ ਲੱਗਾ। ਹਾਲਾਂਕਿ ਨੌਜਵਾਨ ਦੇ ਨਾਲ ਕੁੱਟਮਾਰ ਵੀ ਹੋਈ ਅਤੇ ਉਹ ਉਥੋਂ ਚਲਾ ਗਿਆ।
ਅਹਾਤੇ ਤੋਂ ਦੋਬਾਰਾ ਸ਼ਰਾਬ ਪੀ ਕੇ ਤੇਜ਼ਾਬ ਦੀ ਬੋਤਲ ਲੈ ਕੇ ਫਿਲਮੀ ਸਟਾਈਲ 'ਚ ਪਤਨੀ ਦੇ ਘਰ ਪੁੱਜਿਆ ਅਤੇ ਗਾਲੀ-ਗਲੋਚ ਕਰਕੇ ਖੁਦ 'ਤੇ ਤੇਜ਼ਾਬ ਪਾ ਲਿਆ। ਹਾਲਾਂਕਿ ਤੇਜ਼ਾਬ ਅਸਲੀ ਨਾ ਹੋਣ ਕਾਰਨ ਉਹ ਬਚ ਗਿਆ। ਉਸ ਦਾ ਇਲਾਜ ਕਰਨ ਵਾਲੇ ਡਾਕਟਰ ਮੋਹਨ ਦਾ ਕਹਿਣਾ ਹੈ ਕਿ ਤੇਜ਼ਾਬ ਉਸ ਦੇ ਸਰੀਰ 'ਤੇ ਨਾਮਾਤਰ ਹੀ ਪਿਆ ਹੈ। ਇਸ ਮਾਮਲੇ 'ਚ ਭਾਰਗੋ ਕੈਂਪ ਥਾਣੇ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਸ਼ਰਾਬੀ ਹਾਲਤ 'ਚ ਸੀ ਅਤੇ ਪੁਲਸ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਅਤੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।