ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਭਜਾ ਲਿਜਾਣ ਵਾਲੇ ਖਿਲਾਫ਼ ਮਾਮਲਾ ਦਰਜ

02/01/2018 1:21:08 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਬੀਤੇ ਮਹੀਨੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਵੱਲੋਂ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਣੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਹ ਘਰ-ਘਰ ਜਾ ਕੇ ਪੁਰਾਣੇ ਕੱਪੜੇ ਲਿਆ ਕੇ ਵੇਚਣ ਦਾ ਕੰਮ ਕਰਦੀ ਹੈ। ਉਸ ਦਾ ਪਤੀ ਬੀਮਾਰ ਰਹਿੰਦਾ ਹੈ। ਉਸ ਦੇ 5 ਬੱਚਿਆਂ 'ਚੋਂ ਸਭ ਤੋਂ ਵੱਡੀ ਤੋਂ ਛੋਟੀ ਕੁੜੀ ਦੀਪਿਕਾ (ਕਾਲਪਨਿਕ ਨਾਂ) 15 ਸਾਲ ਦੀ ਹੈ ਤੇ ਅਨਪੜ੍ਹ ਹੈ। ਪਿਛਲੇ ਦਿਨ ਉਹ ਆਪਣੇ ਕੰਮ ਦੇ ਸਿਲਸਿਲੇ 'ਚ ਬਾਹਰ ਸੀ, ਜਦਕਿ ਉਸ ਦਾ ਪਤੀ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ। ਜਦੋਂ ਉਹ ਸ਼ਾਮ ਨੂੰ ਵਾਪਸ ਘਰ ਆਈ ਤਾਂ ਦੀਪਿਕਾ ਘਰ ਨਹੀਂ ਸੀ। ਉਸ ਦੀ ਵੱਡੀ ਲੜਕੀ ਨੇ ਦੱਸਿਆ ਕਿ ਉਹ ਉੱਪਰ ਦੀ ਛੱਤ 'ਤੇ ਬਾਥਰੂਮ ਗਈ ਹੈ। ਜਦੋਂ ਕੁਝ ਸਮੇਂ ਤੱਕ  ਦੀਪਿਕਾ ਹੇਠਾਂ ਨਹੀਂ ਆਈ ਤਾਂ ਉਸ ਨੇ ਉੱਪਰ ਛੱਤ 'ਤੇ ਜਾ ਕੇ ਦੇਖਿਆ ਤਾਂ ਉਹ ਉੱਥੇ ਨਹੀਂ ਸੀ। 
ਫਿਰ ਜਦੋਂ ਉਸ ਨੇ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਵਿੱਕੀ ਪੁੱਤਰ ਤਰਸੇਮ ਲਾਲ ਦੇ ਘਰ ਜਾ ਕੇ ਪਤਾ ਕੀਤਾ ਤਾਂ ਉਸ ਦੀ ਮਾਤਾ ਨੇ ਦੱਸਿਆ ਕਿ ਵਿੱਕੀ ਘਰ ਨਹੀਂ ਹੈ ਤੇ ਆਪਣੇ ਨਾਲ ਕੁਝ ਨਕਦੀ ਅਤੇ ਕਾਗਜ਼ ਲੈ ਕੇ ਗਿਆ ਹੈ। ਉਸ ਨੇ ਸ਼ੱਕ ਜਤਾਇਆ ਕਿ ਦੀਪਿਕਾ ਨੂੰ ਉਕਤ ਨੌਜਵਾਨ ਹੀ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News