ਜ਼ਮੀਨੀ ਝਗੜੇ ਦੌਰਾਨ ਮਹਿਲਾ ਸਮੇਤ 2 ਜ਼ਖਮੀ
Saturday, Mar 24, 2018 - 08:14 AM (IST)

ਰਾਜਪੁਰਾ (ਹਰਵਿੰਦਰ) - ਪਿੰਡ ਮਾਣਕਪੁਰ ਵਿਚ ਜ਼ਮੀਨ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਮਹਿਲਾ ਸਮੇਤ 2 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜ਼ੇਰੇ-ਇਲਾਜ ਪਿੰਡ ਮਾਣਕਪੁਰ ਵਾਸੀ ਜਸਵੀਰ ਸਿੰਘ ਪੁੱਤਰ ਸੁਰਿੰਦਰ ਸਿੰਘ ਅਤੇ ਪਰਮਜੀਤ ਕੌਰ ਪਤਨੀ ਬਲਕਾਰ ਸਿੰਘ ਨੇ ਪਿੰਡ ਦੇ ਹੀ ਰਹਿਣ ਵਾਲੇ ਮਨੀ, ਵਿਨੋਦ, ਸੁਨੀਲ, ਗੌਰਵ, ਹੈਪੀ ਅਤੇ ਉਸ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪਿੰਡ ਵਿਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ। ਉਸ ਦੇ ਪਰਿਵਾਰ ਦੀਆਂ ਔਰਤਾਂ ਜਦੋਂ ਰੋਜ਼ ਦੀ ਤਰ੍ਹਾਂ ਆਪਣੀ ਜਗ੍ਹਾ ਵਿਚ ਕੰਮ ਕਰ ਰਹੀਆਂ ਸਨ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਮਾਰ-ਕੁੱਟ ਅਤੇ ਗਾਲੀ-ਗਲੋਚ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਲੜਾਈ ਦਾ ਕਾਰਨ ਉਨ੍ਹਾਂ ਦੀ ਜ਼ਮੀਨ 'ਤੇ ਪਿੰਡ ਦੇ ਵਿਅਕਤੀ ਵੱਲੋਂ ਕਬਜ਼ਾ ਕਰਨ ਦੀ ਰੰਜਸ਼ ਦੱਸੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਹਥਿਆਰਾਂ ਨਾਲ ਉਸ ਨਾਲ ਅਤੇ ਉਸ ਦੀ ਭਾਬੀ ਸਮੇਤ ਪਰਿਵਾਰ ਦੀ ਵੀ ਕੁੱਟ-ਮਾਰ ਕੀਤੀ ਜਿਸ ਦੌਰਾਨ ਉਹ ਜ਼ਖਮੀ ਹੋ ਗਏ। ਉਨ੍ਹਾਂ ਨੂੰ ਉਸ ਦੇ ਘਰਦਿਆਂ ਨੇ ਹਸਪਤਾਲ ਭਰਤੀ ਕਰਵਾਇਆ। ਥਾਣਾ ਬਨੂੜ ਦੇ ਏ. ਐੈੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕੋਈ ਦੋਸ਼ੀ ਹੋਵੇਗਾ ਉਸ ਨੂੰ ਕਿਸੇ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ।