ਡਿਪੂ ਹੋਲਡਰ ਤੇ ਉਸ ਦੇ ਪਰਿਵਾਰ ਨਾਲ ਕੀਤੀ ਕੁੱਟ-ਮਾਰ

03/05/2018 8:05:47 AM

ਗਿੱਦੜਬਾਹਾ  (ਕੁਲਭੂਸ਼ਨ) - ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਦੌਲਾ ਵਿਚ ਡਿਪੂ 'ਤੇ ਕਣਕ ਵੰਡਣ ਸਮੇਂ ਹੋਈ ਤਕਰਾਰ 'ਚ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਡਿਪੂ ਹੋਲਡਰ ਅਤੇ ਕਣਕ ਵੰਡਣ ਸਮੇਂ ਮੌਜੂਦ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਮਹਣੇ ਆਇਆ ਹੈ।
ਜਾਣਕਾਰੀ ਦਿੰਦਿਆਂ ਡਿਪੂ ਹੋਲਡਰ ਜਗਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਭਾਰੂ ਨੇ ਦੱਸਿਆ ਕਿ ਉਸ ਕੋਲ ਪਿੰਡ ਭਾਰੂ ਦਾ ਡਿਪੂ ਹੈ ਅਤੇ ਵਿਭਾਗ ਵੱਲੋਂ ਦੌਲਾ ਦਾ ਡਿਪੂ ਵੀ ਉਨ੍ਹਾਂ ਨਾਲ ਅਟੈਚ ਕੀਤਾ ਹੋਇਆ ਹੈ। ਅੱਜ ਉਹ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਸਬੰਧੀ ਆਪਣੇ ਪਿਤਾ ਗੁਰਜੰਟ ਸਿੰਘ ਪੁੱਤਰ ਚੰਦ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਭਰਾ ਅੰਗਰੇਜ ਸਿੰਘ ਨਾਲ ਪਿੰਡ ਵਿਚ ਇਕ ਘਰ ਵਿਚ ਕਣਕ ਵੰਡ ਰਹੇ ਸਨ ਤਾਂ ਮਲਕੀਤ ਸਿੰਘ ਅਤੇ ਦੀਪ ਸਿੰਘ ਵਾਸੀਆਨ ਦੌਲਾ ਆਪਣੇ 2-3 ਸਾਥੀਆਂ ਸਮੇਤ ਉੱਥੇ ਆ ਗਏ ਅਤੇ ਕਣਕ ਦੇਣ ਦੀ ਮੰਗ ਕਰਨ ਲੱਗੇ। ਸਾਡੇ ਵੱਲੋਂ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਦੀ ਮੰਗ ਕਰਨ 'ਤੇ ਉਕਤ ਸਾਰਿਆਂ ਨੇ ਸਾਨੂੰ ਸਬੰਧਤ ਕਾਰਡ ਦਿਖਾਉਣ ਦੀ ਬਜਾਏ ਸਾਡੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਗਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੀ ਮਾਤਾ ਕੁਲਵਿੰਦਰ ਕੌਰ ਦੇ ਕੱਪੜੇ ਮਾਰ ਦਿੱਤੇ ਅਤੇ ਉਨ੍ਹਾਂ ਨਾਲ ਕੁੱਟ-ਮਾਰ ਕਰਦੇ ਹੋਏ ਸੇਲ ਰਜਿਸਟਰ ਨੂੰ ਪਾੜਨ ਤੋਂ ਬਾਅਦ ਉਨ੍ਹਾਂ ਕੋਲ ਮੌਜੂਦ ਕਰੀਬ 55-60 ਹਜ਼ਾਰ ਰੁਪਏ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪਿੰਡ ਦੇ ਸਰਪੰਚ ਰਣਜੀਤ ਸਿੰਘ ਦੇ ਰਿਸ਼ਤੇਦਾਰ ਹਨ ਅਤੇ ਉਸੇ ਦੀ ਸ਼ਹਿ 'ਤੇ ਹੀ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧੀ ਉਨ੍ਹਾਂ ਥਾਣਾ ਗਿੱਦੜਬਾਹਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਉੱਧਰ, ਮੌਕੇ 'ਤੇ ਪੁੱਜੇ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਉਹ ਸੂਚਨਾ ਪ੍ਰਾਪਤ ਹੋਣ 'ਤੇ ਘਟਨਾ ਵਾਲੀ ਜਗ੍ਹਾ 'ਤੇ ਆਏ ਹਨ ਤੇ ਡਿਪੂ ਹੋਡਲਰ ਨਾਲ ਗੱਲਬਾਤ ਕੀਤੀ ਹੈ ਅਤੇ ਇਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਦਰਖ਼ਾਸਤ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕੀ ਕਹਿਣਾ ਹੈ ਸਰਪੰਚ ਰਣਜੀਤ ਸਿੰਘ ਦਾ
ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕੁੱਟ-ਮਾਰ ਦੀ ਘਟਨਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਇਸ ਸਬੰਧੀ ਤੁਹਾਡੇ ਤੋਂ ਹੀ ਪਤਾ ਲੱਗਾ ਹੈ। ਜੇਕਰ ਕਿਸੇ ਵੀ ਵਿਅਕਤੀ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ ਅਤੇ ਜਿਸ ਵੀ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਅਜਿਹਾ ਕੀਤਾ ਗਿਆ ਹੈ, ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਡਿਪੂ ਹੋਲਡਰ ਸਬੰਧੀ ਕਿਹਾ ਕਿ ਡਿਪੂ ਹੋਲਡਰ ਇੰਸਪੈਕਟਰਾਂ ਨਾਲ ਰੱਲ ਕੇ ਲੋਕਾਂ ਨੂੰ ਘੱਟ ਕਣਕ ਦਿੰਦੇ ਹਨ, ਜਿਸ ਦੀਆਂ ਸ਼ਿਕਾਇਤਾਂ ਪਿਛਲੀ ਵਾਰ ਮੇਰੇ ਕੋਲ ਆਈਆਂ ਸਨ, ਜਿਸ 'ਤੇ ਮੈਂ ਸਬੰਧਤ ਇੰਸਪੈਕਟਰ ਨਾਲ ਗੱਲਬਾਤ ਕੀਤੀ ਸੀ ਅਤੇ ਇੰਸਪੈਕਟਰ ਨੇ ਇਹ ਮੰਨਿਆ ਸੀ ਕਿ ਮੈਂ ਭਵਿੱਖ ਵਿਚ ਖੁਦ ਡਿਪੂ ਹੋਲਡਰ ਨਾਲ ਬੈਠ ਕੇ ਕਣਕ ਦੀ ਵੰਡ ਕਰਵਾਇਆ ਕਰੂੰਗਾ, ਜਦਕਿ ਮੈਨੂੰ ਪਤਾ ਲੱਗਾ ਹੈ ਕਿ ਅੱਜ ਵੀ ਵਿਭਾਗ ਦਾ ਕੋਈ ਵੀ ਇੰਸਪੈਕਟਰ ਮੌਕੇ 'ਤੇ ਮੌਜੂਦ ਨਹੀਂ ਸੀ।


Related News