ਪੰਜਾਬ ਦੇ ਨਾਲ-ਨਾਲ ਅਸਾਮ ਭਾਜਪਾ ’ਚ ਵੀ ਪਹੁੰਚੀ ਟਕਸਾਲੀ ਤੇ ‘ਇੰਪੋਰਟਿਡ’ ਨੇਤਾਵਾਂ ਦੀ ਲੜਾਈ

Sunday, Aug 04, 2024 - 09:05 AM (IST)

ਪੰਜਾਬ ਦੇ ਨਾਲ-ਨਾਲ ਅਸਾਮ ਭਾਜਪਾ ’ਚ ਵੀ ਪਹੁੰਚੀ ਟਕਸਾਲੀ ਤੇ ‘ਇੰਪੋਰਟਿਡ’ ਨੇਤਾਵਾਂ ਦੀ ਲੜਾਈ

ਜਲੰਧਰ (ਅਨਿਲ ਪਾਹਵਾ) – ਜਿਸ ਤਰ੍ਹਾਂ ਪੰਜਾਬ ਭਾਜਪਾ ’ਚ ਆਪਣਿਆਂ ਨੂੰ ਅੱਖੋਂ-ਪਰੋਖੇ ਕਰ ਕੇ ਬਾਹਰਲੇ ਲੋਕਾਂ ਨੂੰ ਗਲੇ ਲਾਇਆ ਜਾ ਰਿਹਾ ਹੈ, ਉਸ ਕਾਰਨ ਪਾਰਟੀ ਵਿਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਬੇਸ਼ੱਕ ਭਾਜਪਾ ਨੇ ਥੋਕ ’ਚ ਦੂਜੀਆਂ ਪਾਰਟੀਆਂ ’ਚੋਂ ਨੇਤਾਵਾਂ ਨੂੰ ਇੰਪੋਰਟ ਕੀਤਾ ਹੈ ਪਰ ਅਜੇ ਤਕ ਟਕਸਾਲੀ ਨੇਤਾਵਾਂ ਦਾ ਗੁੱਸਾ ਨਹੀਂ ਫੁੱਟਿਆ ਅਤੇ ਕਈ ਸੂਬਿਆਂ ਵਿਚ ਪਾਰਟੀ ਨੂੰ ਆਪਣੀ ਇਸ ਨੀਤੀ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ।

ਜਾਣਕਾਰੀ ਮੁਤਾਬਕ ਇਸੇ ਮਾਮਲੇ ਨੂੰ ਲੈ ਕੇ ਅਸਾਮ ’ਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਅਸ਼ੋਕ ਸਰਮਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸਾਮ ਦੇ ਨਲਵਾੜੀ ਤੋਂ ਵਿਧਾਇਕ ਰਹੇ ਸਰਮਾ ਨੇ ਅਸਤੀਫੇ ਪਿੱਛੇ ਇਕ ਵੱਡਾ ਕਾਰਨ ਪਾਰਟੀ ਵਿਚ ਸੀਨੀਅਰ ਤੇ ਟਕਸਾਲੀ ਨੇਤਾਵਾਂ ਦੇ ਸਨਮਾਨ ’ਚ ਕਮੀ ਦੱਸਿਆ ਹੈ। ਸਰਮਾ ਨੇ ਕਿਹਾ ਕਿ ਪਾਰਟੀ ਦੇ ਪੁਰਾਣੇ ਨੇਤਾਵਾਂ ਨੇ ਉਸ ਵੇਲੇ ਵੀ ਪਾਰਟੀ ਦਾ ਸਾਥ ਦਿੱਤਾ ਜਦੋਂ ਪਾਰਟੀ ਦੀ ਸਥਿਤੀ ਚੰਗੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਵੀ ਉਸ ਵੇਲੇ ਪਾਰਟੀ ਦੇ ਨਾਲ ਡੱਟ ਕੇ ਖੜ੍ਹੇ ਰਹੇ ਪਰ ਹੁਣ ਪਾਰਟੀ ਵਿਚ ਬਾਹਰੋਂ ਆ ਰਹੇ ਲੋਕਾਂ ਨੂੰ ਜ਼ਿਆਦਾ ਸਨਮਾਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਨੇਤਾ ਪਾਰਟੀ ਵਿਚ ਵਰ੍ਹਿਆਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਦਾ ਨਾ ਤਾਂ ਪਾਰਟੀ ਅਤੇ ਨਾ ਹੀ ਦੂਜੀਆਂ ਪਾਰਟੀਆਂ ’ਚੋਂ ਆਏ ਨੇਤਾ ਸਨਮਾਨ ਕਰ ਰਹੇ ਹਨ। ਸਰਮਾ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਦੇ 9 ਅਗਸਤ ਨੂੰ ਪਾਰਟੀ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਸਾਮ ਵਿਚ ਚੋਣਾਂ ਨੂੰ ਸਿਰਫ 2 ਸਾਲਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੀ ਸਥਿਤੀ ’ਚ ਇੰਪੋਰਟਿਡ ਨੇਤਾਵਾਂ ਦੇ ਚੱਕਰ ਵਿਚ ਟਕਸਾਲੀ ਨੇਤਾਵਾਂ ਨੂੰ ਗੁਆਉਣਾ ਭਾਜਪਾ ਲਈ ਚੰਗਾ ਸੁਨੇਹਾ ਨਹੀਂ। ਸਰਮਾ ਦੇ ਅਸਤੀਫੇ ਤੋਂ ਬਾਅਦ ਸੂਬੇ ਵਿਚ ਭਾਜਪਾ ਦੇ ਨੇਤਾ ਆਵਾਜ਼ ਉਠਾਉਣ ਲੱਗੇ ਹਨ, ਖਾਸ ਤੌਰ ’ਤੇ ਸੀਨੀਅਰ ਨੇਤਾਵਾਂ ਦੇ ਪਾਰਟੀ ਛੱਡਣ ਦੇ ਰਵੱਈਏ ’ਤੇ ਖੁਦ ਭਾਜਪਾ ਦੇ ਨੇਤਾ ਹੀ ਸਵਾਲ ਉਠਾ ਰਹੇ ਹਨ।


author

Harinder Kaur

Content Editor

Related News