ਤਿਓਹਾਰਾਂ ਦੇ ਦਿਨਾਂ ’ਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ’ਚ ਲੋਕ ਸਹਿਯੋਗ ਦੇਣ : ਐੱਸ. ਐੱਸ. ਪੀ
Friday, Nov 03, 2023 - 02:13 PM (IST)
ਪਟਿਆਲਾ (ਬਲਜਿੰਦਰ) : ਤਿਓਹਾਰਾਂ ਦੇ ਦਿਨਾਂ ’ਚ ਜ਼ਿਲ੍ਹੇ ’ਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਬਾਜ਼ਾਰਾਂ ’ਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕ ਪੁਲਸ ਦਾ ਸਹਿਯੋਗ ਕਰਨ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਦੀਵਾਲੀ ਪੰਜਾਬ ’ਚ ਸਮੁੱਚੇ ਵਰਗ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨੂੰ ਤਿਓਹਾਰਾਂ ’ਚੋਂ ਪ੍ਰਮੁੱਖ ਤਿਓਹਾਰ ਮੰਨਿਆਂ ਜਾਂਦਾ ਹੈ, ਜਿਸ ਕਾਰਨ ਬਾਜ਼ਾਰਾਂ ’ਚ ਆਮ ਨਾਲੋਂ ਜ਼ਿਆਦਾ ਰੌਣਕ ਰਹਿੰਦੀ ਹੈ ਕਿਉਂਕਿ ਲੋਕ ਖਰੀਦਦਾਰੀ ਕਰਨ ਨੂੰ ਤਰਜ਼ੀਹ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਓਹਾਰ ਹੈ, ਜਦੋਂ ਹਰੇਕ ਵਿਅਕਤੀ ਇਸ ਤਿਓਹਾਰ ਨੂੰ ਧੂਮਧਾਮ ਨਾਲ ਮਨਾਉਂਦਾ ਹੈ। ਅਜਿਹੇ ’ਚ ਪੁਲਸ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਜਾਂਦੀ ਹੈ ਕਿ ਲੋਕ ਸੁੱਖ-ਸ਼ਾਂਤੀ ਨਾਲ ਆਪਣਾ ਤਿਓਹਾਰ ਮਨਾਉਣ ਅਤੇ ਕੋਈ ਵੀ ਸ਼ਰਾਰਤੀ ਅਨਸਰ ਇਸ ਦੌਰਾਨ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਅੰਜਾਮ ਨਾ ਦੇ ਸਕੇ। ਇਸ ਦੇ ਲਈ ਟ੍ਰੈਫਿਕ ਦੀ ਵਿਵਸਥਾ ਵੀ ਪਟਿਆਲਾ ਪੁਲਸ ਵੱਲੋਂ ਕੀਤੀ ਗਈ ਹੈ। ਇਸ ’ਚ ਆਮ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਦੁਕਾਨਦਾਰਾਂ ਦਾ ਸਹਿਯੋਗ ਬਹੁਤ ਜ਼ਿਆਦਾ ਜ਼ਰੂਰੀ ਹੈ। ਦੁਕਾਨਦਾਰ ਅਤੇ ਸ਼ਾਪਿੰਗ ਕਰਨ ਵਾਲੇ ਲੋਕ ਆਪਣੇ ਵਾਹਨਾਂ ਦੀ ਪਾਰਕਿੰਗ ਠੀਕ ਢੰਗ ਨਾਲ ਕਰਨ, ਜਿਸ ਨਾਲ ਟ੍ਰੈਫਿਕ ਵਿਵਸਥਾ ’ਚ ਕਿਸੇ ਤਰ੍ਹਾਂ ਦਾ ਕੋਈ ਅਡ਼ਿੱਕਾ ਨਾ ਪਵੇ।
ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਜ਼ਿਆਦਾ ਸਾਮਾਨ ਦੁਕਾਨਾਂ ਦੇ ਬਾਹਰ ਨਾ ਕੱਢਿਆ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਰਾਹ ਅਕਸਰ ਤੰਗ ਹੋ ਜਾਂਦਾ ਹੈ ਅਤੇ ਟ੍ਰੈਫਿਕ ਰੁਕ ਜਾਂਦੀ ਹੈ। ਕਈ ਵਾਰ ਬਾਜ਼ਾਰ ’ਚ ਇਕ ਵਿਅਕਤੀ ਵੱਲੋਂ ਗਲਤ ਤਰੀਕੇ ਨਾਲ ਵਾਹਨ ਪਾਰਕ ਕਰਨ ਕਾਰਨ ਪੂਰੇ ਬਾਜ਼ਾਰ ਦੀ ਟ੍ਰੈਫਿਕ ਵਿਵਸਥਾ ਖਰਾਬ ਹੋ ਜਾਂਦੀ ਹੈ, ਨੂੰ ਲੈ ਕੇ ਸਬੰਧਤ ਥਾਣਾ ਮੁਖੀਆਂ ਵੱਲੋਂ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਨਾਲ ਵੀ ਸੰਪਰਕ ਬਣਾਇਆ ਗਿਆ ਹੈ ਤਾਂ ਕਿ ਦੋਵੇਂ ਧਿਰਾਂ ਮਿਲ ਕੇ ਤਿਓਹਾਰਾਂ ਦੇ ਦਿਨਾਂ ’ਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਉਣ ਦੇਣ। ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਸ ਵੱਲੋਂ ਨਾਈਟ ਪੈਟਰੋਲਿੰਗ ਅਤੇ ਪੀ. ਸੀ. ਆਰ. ਦੀ ਵਿਵਸਥਾ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ। ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਕਿ ਸਮੁੱਚੀ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਥਾਣਾ ਮੁਖੀ ਆਪਣੇ-ਆਪਣੇ ਇਲਾਕਿਆਂ ’ਚ ਨਾਕਾਬੰਦੀਆਂ ਕਰ ਕੇ ਚੈਕਿੰਗਾਂ ਕਰ ਰਹੇ ਹਨ। ਥਾਣਾ ਮੁਖੀਆਂ ਦੇ ਉੱਪਰ ਡੀ. ਐੱਸ. ਪੀਜ਼ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਐੱਸ. ਪੀ. ਰੈਂਕ ਦੇ ਅਧਿਕਾਰੀਆਂ ਵੱਲੋਂ ਵੀ ਸਮੁੱਚੀਆਂ ਚੈਕਿੰਗਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਡਰੱਗਜ਼ ਫ੍ਰੀ ਪੰਜਾਬ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਹੁਣ ਤੱਕ ਨਸ਼ੇ ਦੀ ਵੱਡੀ ਰਿਕਵਰੀ ਪਟਿਆਲਾ ਜ਼ਿਲੇ ਦੀ ਪੁਲਸ ਵੱਲੋਂ ਕੀਤੀ ਗਈ ਹੈ। ਪਿਛਲੇ 10 ਮਹੀਨੇ ਦੌਰਾਨ ਪਟਿਆਲਾ ਪੁਲਸ ਨੇ 67 ਕਿਲੋ ਅਫੀਮ ਬਰਾਮਦ ਕੀਤੀ, ਜੋ ਕਿ ਸਮੁੱਚੇ ਪੰਜਾਬ ’ਚ ਨੰਬਰ 1 ’ਤੇ ਹੈ, ਜਿੱਥੋਂ ਤੱਕ ਸਵਾਲ ਅੰਨ੍ਹੇ ਕਤਲਾਂ ਦੀ ਗੁੱਥੀ ਦਾ ਹੈ। ਪੁਲਸ ਵੱਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿਹਡ਼ੇ ਵੀ ਕਤਲ ਹੋਏ, ਸਾਰਿਆਂ ਨੂੰ ਟ੍ਰੇਸ ਕਰ ਲਿਆ ਗਿਆ ਹੈ। ਪਟਿਆਲਾ ਪੁਲਸ ਕਰਾਈਮ ਨੂੰ ਕੰਟਰੋਲ ਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।