ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਹੰਗਾਮਾ, ਹਵਾਲਾਤੀਆਂ ਦੀ ਲੜਾਈ ਦੌਰਾਨ ਚੱਲੀਆਂ ਇੱਟਾਂ

Thursday, May 28, 2020 - 08:48 AM (IST)

ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਹੰਗਾਮਾ, ਹਵਾਲਾਤੀਆਂ ਦੀ ਲੜਾਈ ਦੌਰਾਨ ਚੱਲੀਆਂ ਇੱਟਾਂ

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਅਚਾਨਕ ਹਵਾਲਾਤੀਆਂ ਦੇ ਦੋ ਧੜਿਆਂ 'ਚ ਲੜਾਈ ਹੋ ਗਈ ਅਤੇ ਇਸ ਦੌਰਾਨ ਇੱਟਾਂ ਵੀ ਚੱਲ ਗਈਆਂ। ਮੌਕੇ 'ਤੇ ਪੁੱਜੇ ਪੇਸਕੋ ਦੇ ਮੁਲਾਜ਼ਮਾਂ ਨੇ ਲੜਾਈ ਨੂੰ ਸ਼ਾਂਤ ਕਰਵਾਇਆ ਅਤੇ ਤਲਾਸ਼ੀ ਲੈਣ 'ਤੇ ਇਕ ਹਵਾਲਾਤੀ ਰਾਜਬੀਰ ਸਿੰਘ ਕੋਲੋਂ ਸੁਰੱਖਿਆ ਮੁਲਾਜ਼ਮਾਂ ਨੇ ਚਾਕੂ ਵਰਗਾ ਤੇਜ਼ਧਾਰ ਹਥਿਆਰ ਅਤੇ ਮੋਬਾਇਲ ਫੋਨ ਸਮੇਤ ਬੈਟਰੀ ਬਰਾਮਦ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਐਸ. ਪੀ. ਸੁਰੱਖਿਆ ਪਰਮਜੀਤ ਸਿੰਘ ਗਿੱਲ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਭੇਜੀ ਲਿਖਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਹਵਾਲਾਤੀਆਂ ਦੇ ਦੋ ਧੜਿਆਂ 'ਚ ਬਲਾਕ ਨੰਬਰ-1 ਦੇ ਸਾਹਮਣੇ ਲੜਾਈ ਹੋ ਗਈ ਅਤੇ ਦੋਵੇਂ ਧੜੇ ਇਕ-ਦੂਜੇ 'ਤੇ ਇੱਟਾਂ ਚਲਾਉਣ ਲੱਗੇ।

ਇਹ ਵੀ ਪੜ੍ਹੋ : ਕੋਰੋਨਾ ਦੌਰਾਨ ਵਿੱਤੀ ਸੰਕਟ 'ਚੋਂ ਉਭਰਨ ਲਈ ਪੰਜਾਬ ਵੱਲੋਂ ਕੇਂਦਰ ਤੋਂ 51,102 ਕਰੋੜ ਦੀ ਮੰਗ

ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਲੜਾਈ 'ਤੇ ਕਾਬੂ ਪਾਇਆ ਪਰ ਤਲਾਸ਼ੀ ਦੌਰਾਨ ਹਵਾਲਾਤੀ ਕੋਲੋਂ ਤੇਜ਼ਧਾਰ ਹਥਿਆਰ ਤੇ ਮੋਬਾਇਲ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਰਾਜਬੀਰ ਸਿੰਘ, ਦਿਲਬਾਗ ਸਿੰਘ, ਸਿਮਰਨਦੀਪ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਰਾਜਨ ਭੰਡਾਰੀ ਅਤੇ ਸੋਨੂੰ ਖਿਲਾਫ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੈਪਟਨ ਵੱਲੋਂ 30 ਮਈ ਨੂੰ ਲਿਆ ਜਾਵੇਗਾ ਲਾਕ ਡਾਊਨ ਹਟਾਉਣ ਜਾਂ ਵਧਾਉਣ ਦਾ ਫੈਸਲਾ
 


author

Babita

Content Editor

Related News