ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਹੋਣੀ ਚਾਹੀਦੀ : ਸੁਖਬੀਰ ਬਾਦਲ
Sunday, Oct 06, 2019 - 05:04 PM (IST)

ਫਿਰੋਜ਼ਪੁਰ (ਸੰਨੀ) - ਕਲਕੱਤਾ 'ਚ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਇਕ ਪੰਡਾਲ ਬਣਾਉਣ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਹੋਣੀ ਚਾਹੀਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪੰਡਾਲ ਬਣਾਉਣ ਦੇ ਬਾਰੇ ਇਕ ਅਖਬਾਰ 'ਚ ਪੜ੍ਹਿਆ ਸੀ, ਜਿਸ ਦੇ ਸਬੰਧ 'ਚ ਉਹ ਆਪ ਐੱਸ.ਜੀ.ਸੀ.ਪੀ ਨਾਲ ਗੱਲ ਕਰਨਗੇ। ਦੱਸ ਦੇਈਏ ਕਿ ਕਲਕੱਤਾ ਦੇ ਭਵਾਨੀਪੁਰ ਇਲਾਕੇ 'ਚ ਨਾਰਦਰਨ ਪਾਰਕ ਵਿਖੇ ਦੁਰਗਾ ਪੂਜਾ ਮੌਕੇ ਇਹ ਪੰਡਾਲ ਬਣਾਇਆ ਗਿਆ ਹੈ, ਜੋ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ਦਾ ਹੈ। ਬਣਾਏ ਗਏ ਇਸ ਪੰਡਾਲ 'ਤੇ ਸੰਗਤਾਂ ਨੇ ਇਤਰਾਜ਼ ਪ੍ਰਗਟ ਕੀਤੇ ਹਨ।
ਦੂਜੇ ਪਾਸੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਹ ਕਾਰਵਾਈ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ। ਇਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦੁਖੀਆਂ ਹਨ।