2 ਫੁੱਟ 8 ਇੰਚ ਦੀ ਬੱਚੀ ਬਣੀ ਇਕ ਦਿਨ ਲਈ ਡੀ.ਸੀ, ਕੱਢੇਗੀ ਕਈਆਂ ਦੇ ਵੱਟ (ਵੀਡੀਓ)

Friday, Sep 13, 2019 - 12:38 PM (IST)

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੀ ਸਪੈਸ਼ਲ ਅਤੇ 10ਵੀਂ ਜਮਾਤ ਟਾਪ ਰਹੀ ਚੁੱਕੀ ਬੱਚੀ ਅਨਮੋਲ ਨੂੰ ਅੱਜ ਇਕ ਦਿਨ ਦੇ ਲਈ ਫਿਰੋਜ਼ਪੁਰ ਦੀ ਡੀ.ਸੀ ਬਣਾ ਦਿੱਤਾ ਗਿਆ ਹੈ। ਇਸ ਵਿਸ਼ੇਸ਼ ਮੌਕੇ 'ਤੇ ਫਿਰੋਜ਼ਪੁਰ ਦੇ ਹਰਮਨ ਪਿਆਰੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਆਪ ਉਸ ਬੱਚੀ ਨੂੰ ਉਸ ਦੇ ਘਰੋਂ ਲੈਣ ਗਏ। ਡੀ.ਸੀ ਦਫਤਰ ਪਹੁੰਚਣ 'ਤੇ ਉਨ੍ਹਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਆਪ ਉਸ ਨੂੰ ਪੂਰੇ ਮਾਣ-ਸਤਿਕਾਰ ਨਾਲ ਡੀ.ਸੀ. ਦੀ ਕੁਰਸੀ 'ਤੇ ਬਿਠਾਇਆ। ਇਸ ਮੌਕੇ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਬੱਚੀ ਦੀ ਸਕੂਲ ਪ੍ਰਿੰਸੀਪਲ ਵੀ ਮੌਜੂਦ ਸਨ, ਜਿਨ੍ਹਾਂ ਨੇ ਬੱਚੀ ਨੂੰ ਡੀ.ਸੀ. ਬਣਨ ਦੀ ਵਧਾਈ ਦਿੱਤੀ। ਫਿਰੋਜ਼ਪੁਰ ਸ਼ਹਿਰ ਦੀ ਡੀ.ਸੀ. ਬਣ ਜਾਣ ਮਗਰੋਂ ਉਹ ਮੌਕੇ 'ਤੇ ਮੌਜੂਦ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ।

PunjabKesari

ਦੂਜੇ ਪਾਸੇ 11ਵੀਂ ਜਮਾਤ 'ਚ ਪੜ੍ਹਨ ਵਾਲੀ ਅਨਮੋਲ ਦੇ ਇਕ ਦਿਨ ਡੀ.ਸੀ.ਬਣ ਜਾਣ 'ਤੇ ਉਸ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਸ ਦੇ ਪਰਿਵਾਰ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਆਪਣੀ ਜਿੰਦਗੀ 'ਚ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਕੁੜੀ ਡੀ.ਸੀ. ਬਣ ਕੇ ਉਨ੍ਹਾਂ ਦਾ ਨਾਂ ਰੌਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਉਸ ਦੇ ਛੋਟੇ ਕੱਦ ਕਾਰਨ ਲੋਕ ਉਸ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਉਂਦੇ ਸਨ। ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਦੀ ਬੱਚਾ ਸਰੀਰਕ ਤੌਰ 'ਤੇ ਠੀਕ ਨਹੀਂ ਹੈ ਪਰ ਮੈਂ ਆਪਣੀ ਬੱਚੀ ਨੂੰ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹ ਸਰੀਰਕ ਤੌਰ 'ਤੇ ਕਮਜ਼ੋਰ ਹੈ।

PunjabKesari

ਡੀ.ਸੀ. ਚੰਦਰ ਗੈਂਦ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਜਾਂਦੇ ਹਨ। ਇਸੇ ਤਰ੍ਹਾਂ ਉਹ ਬੱਚੀ ਅਨਮੋਲ ਦੇ ਸਕੂਲ 'ਚ ਵੀ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਇਸ ਬੱਚੀ ਨਾਲ ਹੋਈ। ਬੱਚੀ ਨੂੰ ਸਟੇਜ 'ਤੇ ਬੁਲਾਉਣ ਮਗਰੋਂ ਉਨ੍ਹਾਂ ਨੇ ਉਸ ਨੂੰ ਉਸ ਦੀ ਸਮੱਸਿਆ ਬਾਰੇ ਪੁੱਛਿਆ ਅਤੇ ਫਿਰ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਵੱਡੇ ਹੋ ਕੇ ਉਹ ਆਪਣੇ ਕਿਹੜੇ-ਕਿਹੜੇ ਸੁਪਣੇ ਪੂਰੇ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਆਈ.ਪੀ.ਐੱਸ. ਅਫਸਰ ਬਣ ਕੇ ਡੀ.ਸੀ ਬਣਨਾ ਚਾਹੁੰਦੀ ਹੈ। ਉਸ ਦੇ ਸੁਪਨੇ ਨੂੰ ਇਕ ਮੁਕਾਮ 'ਤੇ ਪਹੁੰਚਾਉਣ ਲਈ ਹੀ ਅਸੀਂ ਅੱਜ ਉਸ ਨੂੰ ਡੀ.ਸੀ. ਬਣਨ ਦਾ ਇਕ ਮੌਕਾ ਦਿੱਤਾ ਹੈ, ਜਿਸ ਨੂੰ ਦੇਖ ਕੇ ਬਾਕੀ ਦੇ ਬੱਚਿਆਂ 'ਚ ਵੀ ਕੁਝ ਕਰਨ ਦੇ ਹੌਂਸਲੇ ਬੁਲੰਦ ਹੋਣਦੇ। ਉਨ੍ਹਾਂ ਕਿਹਾ ਕਿ ਇਹ ਬੱਚੀ ਉਨ੍ਹਾਂ ਬੱਚਿਆਂ ਲਈ ਇਕ ਚੰਗੀ ਮਿਸਾਲ ਹੈ, ਜੋ ਸਰੀਰਕ ਤੌਰ 'ਤੇ ਕਮਜ਼ੋਰ ਹਨ। ਇਸ ਬੱਚੀ ਸਦਕਾ ਉਨ੍ਹਾਂ 'ਚ ਵੀ ਕੁਝ ਕਰਨ ਦੀ ਆਸ ਪੈਦਾ ਹੋਵੇਗੀ।


author

rajwinder kaur

Content Editor

Related News