ਮਲਾਇਕਾ ਗੋਇਲ ਨੇ ਇੰਟਰਨੈਸ਼ਨਲ ਗੇਮਜ਼ ''ਚ ਹਾਸਲ ਕੀਤਾ ਮਹਾਰਾਜਾ ਰਣਜੀਤ ਸਿੰਘ ਐਵਾਰਡ

Thursday, Jul 11, 2019 - 01:02 PM (IST)

ਮਲਾਇਕਾ ਗੋਇਲ ਨੇ ਇੰਟਰਨੈਸ਼ਨਲ ਗੇਮਜ਼ ''ਚ ਹਾਸਲ ਕੀਤਾ ਮਹਾਰਾਜਾ ਰਣਜੀਤ ਸਿੰਘ ਐਵਾਰਡ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਦੀ ਧੀ ਮਲਾਇਕਾ ਗੋਇਲ, ਜਿਸ ਨੇ ਸ਼ੂਟਿੰਗ 'ਚ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਬੇਸ਼ੁਮਾਰ ਗੋਲਡ, ਬਰਾਊਂਜ਼ ਤੇ ਸਿਲਵਰ ਮੈਡਲ ਜਿੱਤੇ ਹਨ, ਨੂੰ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਮਲਾਇਕਾ ਗੋਇਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਵਾਰਡ ਨੇ ਉਸ ਦੇ ਹੌਂਸਲੇ ਨੂੰ ਹੋਰ ਬੁਲੰਦ ਕੀਤਾ ਹੈ ਅਤੇ ਭਵਿੱਖ 'ਚ ਹੋਣ ਵਾਲੀਆਂ ਇੰਟਰਨੈਸ਼ਨਲ ਗੇਮਜ਼ 'ਚ ਭਾਰਤ ਦਾ ਨਾਂ ਰੌਸ਼ਨ ਕਰਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਾ ਅਤੇ ਜਿੱਤਣਾ ਹੀ ਉਸ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਹੈ। ਉਸ ਨੇ ਕਿਹਾ ਕਿ ਉਸ ਨੂੰ ਬੇਟੀ ਹੋਣ 'ਤੇ ਮਾਣ ਹੈ ਅਤੇ ਉਹ ਖੁਦ ਨੂੰ ਦੇਸ਼ ਦੀ ਬਹੁਤ ਚੰਗੀ ਬੇਟੀ ਸਾਬਤ ਕਰਨਾ ਚਾਹੁੰਦੀ ਹੈ। 

ਉਸ ਨੇ ਦੱਸਿਆ ਕਿ ਬਚਪਨ ਤੋਂ ਉਸ ਨੂੰ ਸ਼ੂਟਿੰਗ ਦਾ ਸ਼ੌਕ ਸੀ ਅਤੇ ਸਾਲ 2008 'ਚ ਜਦ ਉਹ ਸਿਰਫ 10 ਸਾਲ ਦੀ ਸੀ ਤਾਂ ਉਸ ਨੇ ਇਹ ਖੇਡ ਸ਼ੁਰੂ ਕੀਤੀ। ਇਸ ਖੇਡ 'ਚ ਅੱਗੇ ਵਧਣ ਲਈ ਉਸ ਦੇ ਪਿਤਾ ਅਤੇ ਮਾਤਾ ਨੇ ਬਹੁਤ ਮਦਦ ਕੀਤੀ ਅਤੇ ਹਰ ਕਦਮ 'ਤੇ ਪ੍ਰੋਤਸਾਹਿਤ ਕੀਤਾ। ਪੰਜਾਬ ਯੂਨੀਵਰਸਿਟੀ 'ਚ ਐੱਮ. ਏ. ਹਿਸਟਰੀ ਦੀ ਵਿਦਿਆਰਥਣ ਮਲਾਇਕਾ ਗੋਇਲ ਨੇ ਇਕ ਪ੍ਰਸ਼ਨ ਦੇ ਉੱਤਰ 'ਚ ਦੱਸਿਆ ਕਿ ਹੀਨਾ ਸਿੱਧੂ ਉਸ ਦੀ ਰੋਲ ਮਾਡਲ ਹੈ ਅਤੇ ਉਹ ਅਕਸਰ ਹੀਨਾ ਸਿੱਧੂ ਦੇ ਖੇਡਣ ਦੇ ਅੰਦਾਜ਼ ਨੂੰ ਬੜੇ ਧਿਆਨ ਨਾਲ ਦੇਖਦੀ ਸੀ ਅਤੇ ਉਹ ਹੋਣ ਵਾਲੀਆਂ ਇੰਟਰਨੈਸ਼ਨਲ ਈਵੈਂਟਜ਼ ਲਈ ਤਿਆਰੀ ਕਰ ਰਹੀ ਹੈ। ਉਸ ਨੇ ਕਿਹਾ ਕਿ ਇਨਸਾਨ ਨੂੰ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਅਤੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਨੀ ਚਾਹੀਦੀ ਹੈ।

ਮੈਨੂੰ ਮਾਣ ਹੈ ਕਿ ਮਲਾਇਕਾ ਮੇਰੀ ਧੀ ਹੈ : ਐੱਸ. ਐੱਸ. ਪੀ.
ਮਲਾਇਕਾ ਗੋਇਲ ਦੇ ਪਿਤਾ ਸੰਦੀਪ ਗੋਇਲ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਮਲਾਇਕਾ ਉਨ੍ਹਾਂ ਦੀ ਧੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਧੀ ਦੇਸ਼ ਦਾ ਨਾਂ ਰੌਸ਼ਨ ਕਰੇਗੀ ਅਤੇ ਆਪਣੇ ਹਰ ਸੁਪਨੇ ਨੂੰ ਹਕੀਕਤ ਵਿਚ ਬਦਲੇਗੀ। ਉਨ੍ਹਾਂ ਮਲਾਇਕਾ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਲਈ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।


author

rajwinder kaur

Content Editor

Related News