ਫਿਰੋਜ਼ਪੁਰ ਦੀ ਕੇਂਦਰੀ ਜੇਲ ''ਚ ਪੁਲਸ ਦੀ ਰੇਡ, 4 ਮੋਬਾਇਲ ਤੇ ਨਸ਼ਾ ਬਰਾਮਦ
Tuesday, Dec 24, 2019 - 11:54 AM (IST)

ਫਿਰੋਜ਼ਪੁਰ (ਸੰਨੀ, ਕੁਮਾਰ, ਮਲਹੋਤਰਾ) - ਫਿਰੋਜ਼ਪੁਰ ਦੀ ਕੇਂਦਰੀ ਜੇਲ ’ਚ ਬੀਤੇ ਦਿਨ ਪੁਲਸ ਪਾਰਟੀ ਵਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 6 ਹਵਾਲਾਤੀਆਂ ਤੋਂ 4 ਮੋਬਾਇਲ ਸਮੇਤ ਬੈਟਰੀਆਂ, ਸਿਮ ਕਾਰਡ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜੇਲ ’ਚ ਹੋਈ ਇਸ ਬਰਾਮਦਗੀ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਮੁਲਜ਼ਮਾਂ ’ਤੇ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਜੇਲ ’ਚ ਤਲਾਸ਼ੀ ਦੌਰਾਨ ਹਵਾਲਾਤੀ ਗੁਰਦੀਪ ਸਿੰਘ ਉਰਫ ਗਿੰਦਾ ਅਤੇ ਹਵਾਲਾਤੀ ਅਮਰਜੀਤ ਸਿੰਘ ਕੋਲੋਂ ਇਕ-ਇਕ ਮੋਬਾਇਲ, ਹਵਾਲਾਤੀ ਲਖਵਿੰਦਰ ਸਿੰਘ ਕੋਲੋਂ 5 ਅਤੇ ਹਵਾਲਾਤੀ ਲਾਡੀ ਕੋਲੋਂ ਇਕ ਨਸ਼ੇ ਵਾਲੀਆਂ ਗੋਲੀਆਂ, ਹਵਾਲਾਤੀ ਜੁਗਰਾਜ ਸਿੰਘ ਅਤੇ ਹਵਾਲਾਤੀ ਸਾਜਨ ਕੋਲੋਂ ਇਕ-ਇਕ ਮੋਬਾਇਲ ਸਮੇਤ ਬੈਟਰੀਆਂ ਅਤੇ ਸਿਮ ਕਾਰਡ ਬਰਾਮਦ ਹੋਏ ਹਨ। ਕੈਦੀਆਂ ਤੋਂ ਬਰਾਮਦ ਹੋਏ ਫੋਨਾਂ ਨੂੰ ਕਬਜ਼ੇ 'ਚ ਲੈ ਕੇ ਪੁਲਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਫੋਨਾਂ ਰਾਹੀ ਕੈਦੀ ਆਪਣੇ ਕਿਹੜੇ ਸਾਥੀਆਂ ਨਾਲ ਸੰਪਰਕ ਕਰ ਰਹੇ ਸਨ ਅਤੇ ਇਹ ਫੋਨ ਜੇਲ ’ਚ ਆਏ ਕਿਵੇਂ।