ਸਾਰਥੀ ਪੋਰਟਲ ’ਤੇ ਸਾਈਬਰ ਹਮਲੇ ਦਾ ਖ਼ਦਸ਼ਾ, ਚੀਨ ਤੇ ਪਾਕਿਸਤਾਨ ਦੇ ਹੈਕਰਾਂ ਦੇ ਨਿਸ਼ਾਨੇ ’ਤੇ ਟ੍ਰਾਂਸਪੋਰਟ ਵਿਵਸਥਾ!

Thursday, Jun 18, 2026 - 06:00 AM (IST)

ਸਾਰਥੀ ਪੋਰਟਲ ’ਤੇ ਸਾਈਬਰ ਹਮਲੇ ਦਾ ਖ਼ਦਸ਼ਾ, ਚੀਨ ਤੇ ਪਾਕਿਸਤਾਨ ਦੇ ਹੈਕਰਾਂ ਦੇ ਨਿਸ਼ਾਨੇ ’ਤੇ ਟ੍ਰਾਂਸਪੋਰਟ ਵਿਵਸਥਾ!

ਜਲੰਧਰ (ਚੋਪੜਾ) : ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਸਮੇਤ ਦੇਸ਼ ਭਰ ’ਚ ਟ੍ਰਾਂਸਪੋਰਟ ਵਿਭਾਗ ਦੀਆਂ ਆਨਲਾਈਨ ਸੇਵਾਵਾਂ ਪ੍ਰਭਾਵਿਤ ਰਹਿਣ ਦੇ ਪਿੱਛੇ ਕੇਵਲ ਤਕਨੀਕੀ ਖ਼ਰਾਬੀ ਹੀ ਨਹੀਂ, ਸਗੋਂ ਸੰਭਾਵੀ ਵਿਦੇਸ਼ੀ ਸਾਈਬਰ ਹਮਲੇ ਦਾ ਖ਼ਦਸ਼ਾ ਵੀ ਸਾਹਮਣੇ ਆਇਆ ਹੈ। ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐੱਨ. ਆਈ. ਸੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸਾਰਥੀ ਪੋਰਟਲ ਨੂੰ ਪਾਕਿਸਤਾਨ ਅਤੇ ਚੀਨ ਤੋਂ ਚੱਲ ਰਹੇ ਹੈਕਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਹੈ। ਇਸ ਖੁਲਾਸੇ ਨੇ ਦੇਸ਼ ਦੀਆਂ ਅਹਿਮ ਡਿਜੀਟਲ ਸੇਵਾਵਾਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਸਾਰਥੀ ਪੋਰਟਲ, ਜੋ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਅਧੀਨ ਚੱਲਦਾ ਹੈ, ਦੇਸ਼ ਭਰ ’ਚ ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ, ਸਲਾਟ ਬੁਕਿੰਗ, ਲਾਇਸੈਂਸ ਰੀਨਿਊਅਲ, ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਅਤੇ ਡਰਾਈਵਿੰਗ ਸਕੂਲਾਂ ਦੀ ਨਿਗਰਾਨੀ ਵਰਗੀਆਂ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸੇ ਪੋਰਟਲ ’ਚ ਆਈ ਤਕਨੀਕੀ ਰੁਕਾਵਟ ਕਾਰਨ ਪੰਜਾਬ ਦੇ ਸਾਰੇ ਆਰ. ਟੀ. ਏ. ਦਫ਼ਤਰਾਂ ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਕੇਂਦਰਾਂ ’ਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸਾਰਥੀ ਪੋਰਟਲ ’ਚ ਆਈ ਖ਼ਰਾਬੀ ਦਾ ਸਭ ਤੋਂ ਵੱਧ ਅਸਰ ਆਮ ਨਾਗਰਿਕਾਂ ’ਤੇ ਪਿਆ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਲਰਨਿੰਗ ਲਾਇਸੈਂਸ, ਪੱਕੇ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਅਤੇ ਹੋਰ ਸੇਵਾਵਾਂ ਲਈ ਪਹਿਲਾਂ ਤੋਂ ਅਪੁਆਇੰਟਮੈਂਟ ਲੈ ਕੇ ਪਹੁੰਚੇ ਹਜ਼ਾਰਾਂ ਬਿਨੈਕਾਰਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ।

ਇਹ ਵੀ ਪੜ੍ਹੋ : ਪੌਸ਼ ਇਲਾਕੇ ਸਿਵਲ ਲਾਈਨਜ਼ 'ਚ ਬਾਈਕ ਸਵਾਰ ਬਦਮਾਸ਼ਾਂ ਦੀ ਦਹਿਸ਼ਤ, ਝਪਟੀ ਸੋਨੇ ਦੀ ਚੇਨ

ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਹੁਸ਼ਿਆਰਪੁਰ ਅਤੇ ਹੋਰ ਜ਼ਿਲਿਆਂ ਦੇ ਆਰ. ਟੀ. ਏ. ਦਫ਼ਤਰਾਂ ’ਚ ਪਿਛਲੇ ਤਿੰਨ ਦਿਨਾਂ ਤੋਂ ਬਿਨੈਕਾਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕਈ ਥਾਵਾਂ ’ਤੇ ਡਰਾਈਵਿੰਗ ਟ੍ਰੈਕ ਟੈਸਟ ਲਈ ਪਹੁੰਚੇ ਬਿਨੈਕਾਰਾਂ ਦੀ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਦੇ ਟੈਸਟ ਮੁਲਤਵੀ ਕਰਨੇ ਪਏ। ਇਸ ਵਜ੍ਹਾ ਕਰਕੇ ਵੱਡੀ ਗਿਣਤੀ ’ਚ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਪਰਤਣਾ ਪਿਆ। ਉੱਥੇ ਹੀ ਤੇਲੰਗਾਨਾ ’ਚ ਐੱਨ. ਆਈ. ਸੀ. ਦੇ ਸੂਬਾ ਕੋਆਰਡੀਨੇਟਰ ਐੱਸ. ਕਾਸੀ ਰੈੱਡੀ ਅਨੁਸਾਰ ਸੋਮਵਾਰ ਨੂੰ ਸਾਰਥੀ ਪੋਰਟਲ ’ਤੇ ਆਮ 5 ਹਜ਼ਾਰ ਉਪਭੋਗਤਾਵਾਂ ਦੇ ਮੁਕਾਬਲੇ ਅਚਾਨਕ 95 ਹਜ਼ਾਰ ਉਪਭੋਗਤਾਵਾਂ ਦਾ ਟ੍ਰੈਫਿਕ ਦਰਜ ਕੀਤਾ ਗਿਆ। ਇਸ ਅਸਾਧਾਰਨ ਗਤੀਵਿਧੀ ਨੇ ਸਾਈਬਰ ਸੁਰੱਖਿਆ ਮਾਹਿਰਾਂ ਨੂੰ ਅਲਰਟ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਈਬਰ ਸੁਰੱਖਿਆ ਟੀਮ ਨੇ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਅਹਿਤਿਆਤ ਵਜੋਂ ਪੋਰਟਲ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ। ਬਾਅਦ ’ਚ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ, ਪਰ ਸਰਵਰ ’ਤੇ ਪਏ ਵਾਧੂ ਦਬਾਅ ਕਾਰਨ ਸਿਸਟਮ ਆਮ ਸਮਰੱਥਾ ਹਾਸਲ ਨਹੀਂ ਕਰ ਸਕਿਆ ਅਤੇ ਵਾਰ-ਵਾਰ ਪ੍ਰਭਾਵਿਤ ਹੁੰਦਾ ਰਿਹਾ।

PunjabKesari

ਚੀਨ ਅਤੇ ਪਾਕਿਸਤਾਨ ਤੋਂ ਲਗਾਤਾਰ ਹੁੰਦੇ ਹਨ ਹਮਲੇ

ਐੱਨ. ਆਈ. ਸੀ. ਅਧਿਕਾਰੀਆਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਪਹਿਲਾਂ ਹੀ ਇਸ ਗੱਲ ਤੋਂ ਜਾਣੂ ਹੈ ਕਿ ਪਾਕਿਸਤਾਨ ਅਤੇ ਚੀਨ ਨਾਲ ਜੁੜੇ ਸਾਈਬਰ ਅਪਰਾਧੀ ਅਤੇ ਹੈਕਰ ਗਰੁੱਪ ਸਮੇਂ-ਸਮੇਂ ’ਤੇ ਭਾਰਤ ਦੇ ਸਰਕਾਰੀ ਪੋਰਟਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਰਕਾਰੀ ਪੋਰਟਲਾਂ ’ਤੇ ਆਨਲਾਈਨ ਭੁਗਤਾਨ ਦੀ ਸਹੂਲਤ ਉਪਲਬਧ ਹੁੰਦੀ ਹੈ, ਉਹ ਸਾਈਬਰ ਅਪਰਾਧੀਆਂ ਲਈ ਸਭ ਤੋਂ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਅਜਿਹੇ ਪੋਰਟਲਾਂ ਨੂੰ ਠੱਪ ਕਰਕੇ ਪ੍ਰਸ਼ਾਸਨਿਕ ਅਵਿਵਸਥਾ ਪੈਦਾ ਕਰਨਾ, ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਕਰਨਾ ਜਾਂ ਡਿਜੀਟਲ ਸੇਵਾਵਾਂ ’ਚ ਰੁਕਾਵਟ ਪਾਉਣਾ ਹਮਲਾਵਰਾਂ ਦੇ ਮੁੱਖ ਮਕਸਦਾਂ ’ਚ ਸ਼ਾਮਲ ਹੋ ਸਕਦਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੇ ਡਾਟਾ ਲੀਕ ਜਾਂ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਦੇ ਸਬੂਤ ਨਹੀਂ ਮਿਲੇ ਹਨ। ਮਜ਼ਬੂਤ ਫਾਇਰਵਾਲ ਅਤੇ ਸਾਈਬਰ ਸੁਰੱਖਿਆ ਪ੍ਰਣਾਲੀ ਨੇ ਕਿਸੇ ਵੀ ਸੰਭਾਵੀ ਘੁਸਪੈਠ ਨੂੰ ਰੋਕਣ ’ਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : 15 ਜੁਲਾਈ ਤੋਂ ਲਾਗੂ ਹੋਵੇਗਾ ਭਾਰਤ-ਬ੍ਰਿਟੇਨ ਵਪਾਰ ਸਮਝੌਤਾ, ਇਹ ਚੀਜ਼ਾਂ ਹੋਣਗੀਆਂ ਸਸਤੀਆਂ

ਸਾਈਬਰ ਯੁੱਧ ਦਾ ਬਦਲਦਾ ਸਰੂਪ

ਸਾਈਬਰ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰੀ ਪੋਰਟਲਾਂ ’ਤੇ ਹਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ, ਸੀ. ਈ. ਆਰ. ਟੀ.-ਇਨ ਅਤੇ ਹੋਰ ਏਜੰਸੀਆਂ ਅਜਿਹੇ ਖ਼ਤਰਿਆਂ ਦੀ ਪਛਾਣ ਅਤੇ ਰੋਕਥਾਮ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਸਮਾਰਟ ਕੋਡ ਟੈਕਨਾਲੋਜੀਜ਼ ਦੇ ਸੰਸਥਾਪਕ ਸੂਰਿਆਨਾਰਾਇਣ ਰੈੱਡੀ ਅਨੁਸਾਰ ਅੱਜ ਸਾਈਬਰ ਅਪਰਾਧੀਆਂ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਚੈਟਬੋਟਸ ਅਤੇ ਅਤਿ-ਆਧੁਨਿਕ ਮਾਲਵੇਅਰ ਵਰਗੇ ਨਵੇਂ ਹਥਿਆਰ ਮੌਜੂਦ ਹਨ। ਇਨ੍ਹਾਂ ਰਾਹੀਂ ਪਹਿਲਾਂ ਦੇ ਮੁਕਾਬਲੇ ਵਧੇਰੇ ਗੁੰਝਲਦਾਰ ਅਤੇ ਸੰਗਠਿਤ ਹਮਲੇ ਕੀਤੇ ਜਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਧੁਨਿਕ ਦੌਰ ’ਚ ਸਾਈਬਰ ਸੁਰੱਖਿਆ ਇਕ ਨਿਰੰਤਰ ਚੱਲਣ ਵਾਲਾ ਯੁੱਧ ਬਣ ਚੁੱਕੀ ਹੈ, ਜਿੱਥੇ ਸੁਰੱਖਿਆ ਏਜੰਸੀਆਂ ਨੂੰ ਹਰ ਰੋਜ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਡਿਜੀਟਲ ਇੰਡੀਆ ਲਈ ਚਿਤਾਵਨੀ

ਸਾਰਥੀ ਪੋਰਟਲ ਦੇ ਇਸ ਮਾਮਲੇ ਨੇ ਇਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਡਿਜੀਟਲ ਇੰਡੀਆ ’ਤੇ ਵਧਦੀ ਨਿਰਭਰਤਾ ਦੇ ਨਾਲ ਸਾਈਬਰ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਦੇਸ਼ ਦੇ ਟ੍ਰਾਂਸਪੋਰਟ, ਬੈਂਕਿੰਗ, ਟੈਕਸੇਸ਼ਨ, ਸਿਹਤ ਅਤੇ ਨਾਗਰਿਕ ਸੇਵਾਵਾਂ ਨਾਲ ਜੁੜੇ ਪੋਰਟਲ ਕਰੋੜਾਂ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕੇ ਹਨ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਨਾਗਰਿਕਾਂ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸੇਵਾਵਾਂ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਹਨ, ਪਰ ਇਸ ਘਟਨਾ ਨੇ ਇਹ ਸੰਕੇਤ ਜ਼ਰੂਰ ਦਿੱਤਾ ਹੈ ਕਿ ਭਾਰਤ ਦੇ ਅਹਿਮ ਡਿਜੀਟਲ ਬੁਨਿਆਦੀ ਢਾਂਚੇ ’ਤੇ ਵਿਦੇਸ਼ੀ ਸਾਈਬਰ ਖ਼ਤਰਿਆਂ ਦੀ ਨਜ਼ਰ ਲਗਾਤਾਰ ਬਣੀ ਹੋਈ ਹੈ। ਅਜਿਹੇ ’ਚ ਸਾਈਬਰ ਸੁਰੱਖਿਆ ਤੰਤਰ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਸਰਕਾਰੀ ਪੋਰਟਲਾਂ ਦੀ ਨਿਗਰਾਨੀ ਨੂੰ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕਰਨਾ ਭਵਿੱਖ ਦੀ ਸਭ ਤੋਂ ਵੱਡੀ ਲੋੜ ਬਣ ਕੇ ਉੱਭਰਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News