ਕਣਕ ਤੇ ਚੌਲਾਂ ਦੇ ਸੰਕਟ ਨੂੰ ਦੂਰ ਕਰਨ ਲਈ ਐੱਫ. ਸੀ. ਆਈ. ਨੇ ਖੋਲ੍ਹੇ ਆਪਣੇ ਗੋਦਾਮ

Monday, Mar 30, 2020 - 08:11 PM (IST)

ਕਣਕ ਤੇ ਚੌਲਾਂ ਦੇ ਸੰਕਟ ਨੂੰ ਦੂਰ ਕਰਨ ਲਈ ਐੱਫ. ਸੀ. ਆਈ. ਨੇ ਖੋਲ੍ਹੇ ਆਪਣੇ ਗੋਦਾਮ

ਕਪੂਰਥਲਾ, (ਮਹਾਜਨ)- ਦੇਸ਼ ਭਰ 'ਚ ਲਾਕਡਾਊਨ ਕਾਰਣ ਦੇਸ਼ ਤੇ ਸੂਬੇ 'ਚ ਕਣਕ ਤੇ ਚੌਲ ਦਾ ਸੰਕਟ ਸ਼ੁਰੂ ਹੋਣ ਲੱਗਾ ਹੈ। ਇਸ ਕਾਰਣ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਕਣਕ ਤੇ ਚੌਲ ਉਪਲਬੱਧ ਕਰਵਾਉਣ ਲਈ ਆਪਣੇ ਗੋਦਾਮ ਖੋਲ੍ਹ ਦਿੱਤੇ ਹਨ। ਲਾਕਡਾਊਨ ਦੌਰਾਨ ਕਣਕ ਤੇ ਚੌਲ ਦੇ ਸੰਕਟ ਨੂੰ ਦੂਰ ਕਰਨ ਲਈ ਐੱਫ. ਸੀ. ਆਈ. ਦੇ ਗੋਦਾਮਾਂ 'ਚ ਜਮ੍ਹਾ ਅਨਾਜ ਨੂੰ ਕਿਵੇਂ ਜਨਤਾ ਤਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ ਇਸ ਦਾ ਫਾਰਮੂਲਾ ਕੇਂਦਰ ਸਰਕਾਰ ਨੇ ਭੇਜਿਆ ਹੈ। ਜ਼ਿਲਾ ਕਪੂਰਥਲਾ 'ਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮ ਨੱਕੋ ਨੱਕ ਭਰੇ ਹੋਏ ਹਨ। ਕਪੂਰਥਲਾ 'ਚ ਚਾਰ ਰੈਕ ਪੁਆਇੰਟ ਤੇ ਕੁਲ 29 ਗੋਦਾਮ ਹਨ, ਜਿਨ੍ਹਾਂ 'ਚ ਹਜ਼ਾਰਾਂ ਟਨ ਚੌਲ ਤੇ ਕਣਕ ਹੈ। ਇਥੋਂ ਕਰਫਿਊ ਦੌਰਾਨ 10 ਰੈਕ ਆਸਾਮ, ਨਾਗਾਲੈਂਡ, ਬਿਹਾਰ, ਪੱਛਮ ਬੰਗਾਲ, ਜੰਮੂ ਕਸ਼ਮੀਰ, ਮਹਾਰਾਸ਼ਟਰ ਤੇ ਹੋਰ ਸੂਬਿਆਂ ਨੂੰ ਭੇਜੇ ਗਏ ਹਨ। ਇਸ ਸੰਕਟ ਦੇ ਸਮੇਂ ਸਾਰੇ ਅਧਿਕਾਰੀ, ਕਰਮਚਾਰੀ ਤੇ ਮਜ਼ਦੂਰ ਜੀ ਜਾਨ ਮਿਹਨਤ ਕਰ ਰਹੇ ਹਨ। ਸਾਡਾ ਯਤਨ ਹੈ ਕਿ ਅਪੂਰਤੀ ਨਿਰੰਤਰ ਬਣੀ ਰਹੇ।
ਸੂਬੇ 'ਚ ਕੋਈ ਵੀ ਖਰੀਦਦਾਰ ਨਿਰਧਾਰਿਤ ਰੇਟਾਂ 'ਤੇ ਲੈ ਸਕਦੈ ਕਣਕ ਅਤੇ ਚੌਲ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐੱਫ. ਸੀ. ਆਈ. ਵੱਲੋਂ ਸਭ ਸੂਬਾ ਸਰਕਾਰਾਂ ਨੂੰ ਜਿੰਨੇ ਕਣਕ ਤੇ ਚੌਲਾਂ ਦੀ ਜ਼ਰੂਰਤ ਹੈ ਉਹ ਆਪਣੀ ਮੰਗ ਅਨੁਸਾਰ ਖੇਤਰੀ ਤੇ ਮੰਡਲ ਦਫਤਰ ਤੋਂ ਨਿਸ਼ਚਿਤ ਦਰ 'ਤੇ ਕਣਕ ਲੈਣ ਸਬੰਧੀ ਪੱਤਰ ਭੇਜਿਆ ਗਿਆ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਕਿਹਾ ਕਿ ਕਣਕ ਤੇ ਚਾਵਲ ਦੀ ਅਚਾਨਕ ਕਮੀ ਨੂੰ ਦੇਖਦੇ ਹੋਏ ਸੂਬਿਆਂ 'ਚ ਕੋਈ ਵੀ ਖਰੀਦਦਾਰ ਨਿਰਧਾਰਿਤ ਰੇਟਾਂ ਤੇ ਕਣਕ ਤੇ ਚਾਵਲ ਲੈ ਸਕਦਾ ਹੈ।
ਪੰਜਾਬ 'ਚ ਕਰਫਿਊ 'ਚ ਹਰ ਦਿਨ ਲੱਦੇ ਜਾ ਰਹੇ ਹਨ 20-30 ਰੈਕ : ਕਪੂਰਥਲਾ ਮੰਡਲ ਪ੍ਰਬੰਧਕ ਕੇ. ਕੇ. ਸ਼ਾਂਡਿਲਯ
ਫੂਡ ਕਾਰਪੋਰੇਸ਼ਨ ਆਫ ਇੰਡੀਆ ਕਪੂਰਥਲਾ ਦੇ ਮੰਡਲ ਪ੍ਰਬੰਧਕ ਕੇ. ਕੇ. ਸ਼ਾਂਡਿਲਯ ਵੱਲੋਂ ਦੱਸਿਆ ਗਿਆ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਕਪੂਰਥਾਲ ਦੇ ਤਹਿਤ ਆਉਣ ਵਾਲੇ ਚਾਰੇ ਰੈਕ ਪੁਆਇੰਟ ਤੇ ਅਨਾਜ ਨੂੰ ਲਗਾਤਾਰ ਲੱਦਿਆ ਜਾ ਰਿਹਾ ਹੈ। ਕੋਰੋਨਾ ਸੰਕਟ ਕਾਰਣ ਹੋਏ ਲਾਕਡਾਊਨ ਕਾਰਣ ਅਨਾਜ ਦੀ ਮੰਗ 'ਚ ਲਗਾਤਾਰ ਤੇਜ਼ੀ ਆ ਗਈ ਹੈ ਤੇ ਸਰਕਾਰ ਦੇ ਉੱਚ ਪੱਧਰੀ ਹੁਕਮ ਹਨ ਕਿ ਲੋਡਿੰਗ ਲਗਾਤਾਰ ਬਿਨਾਂ ਛੁੱਟੀ ਤੋਂ ਕਰਵਾਈ ਜਾਵੇ, ਜਿਸ ਨਾਲ ਕਮੀ ਵਾਲੇ ਖੇਤਰਾਂ 'ਚ ਅਨਾਜ ਪਹੁੰਚਾਇਆ ਜਾ ਸਕੇ, ਇਸ ਲਈ ਪੰਜਾਬ 'ਚ ਕਰਫਿਊ 'ਚ ਵੀ ਹਰ ਦਿਨ 20-30 ਰੈਕ ਲੋਡ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਪੱਧਰ 'ਤੇ ਵੀ ਕੇਂਦਰੀ ਪੂਲ ਤੋਂ ਗਰੀਬਾਂ ਨੂੰ ਵੰਡਣ ਲਈ ਰਿਆਇਤੀ ਦਰਾਂ 'ਤੇ ਕਣਕ ਜਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਸੂਬਾ ਸਰਕਾਰ ਦੀ ਨੋਡਲ ਏਜੰਸੀ ਪਨਸਪ ਵੱਲੋਂ ਕੀਤਾ ਜਾ ਰਿਹਾ ਹੈ। ਜ਼ਿਲਾ ਅਧਿਕਾਰੀ ਦੀ ਮਨਜ਼ੂਰੀ ਨਾਲ ਇਹ ਅਨਾਜ ਉਪਲਬੱਧ ਹੈ, ਜਿਸ ਨਾਲ ਬਾਜ਼ਾਰ 'ਚ ਕਣਕ ਤੇ ਚੌਲਾਂ ਦੀਆਂ ਦਰਾਂ 'ਚ ਸਥਿਰਤਾ ਬਣੀ ਰਹੇਗੀ।


author

Bharat Thapa

Content Editor

Related News